ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਭੋਗ ਤੋਂ ਪਹਿਲਾਂ ਉਨ੍ਹਾਂ ਦੇ ਜੱਦੀ ਪਿੰਡ ਵਿਚਲੀ ਹਵੇਲੀ ‘ਚ ਪਹੁੰਚੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਦਾ ਨਾਂ ਲਿਖ ਕੇ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਕੁਝ ਹੋਰ ਨਾਂ ਵੀ ਦਿੱਤੇ ਹਨ ਜਿਨ੍ਹਾਂ ਬਾਰੇ ਸਰਕਾਰ ਤੇ ਪੁਲੀਸ ਚੁੱਪ ਹਨ ਅਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇਸੇ ਤਰ੍ਹਾਂ ਮਰਹੂਮ ਗਾਇਕ ਦੀ ਮਾਂ ਚਰਨ ਕੌਰ ਨੇ ਕਿਹਾ ਕਿ ਇਥੇ ਇਨਸਾਫ਼ ਨਾ ਮਿਲਿਆ ਪਰਮਾਤਮਾ ਦੀ ਕਚਹਿਰੀ ‘ਚ ਲਾਜ਼ਮੀ ਇਨਸਾਫ਼ ਹੋਵੇਗਾ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਸਬੰਧੀ ‘ਆਪ’ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਦਿੱਤੇ ਬਿਆਨ ਤੋਂ ਨਾਰਾਜ਼ ਹੋਏ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਮੰਤਰੀ ਵੱਲੋਂ ਬੋਲੇ ਗਏ ਸ਼ਬਦਾਂ ਨੇ ਉਨ੍ਹਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕਮੀਆਂ ‘ਤੇ ਪਰਦਾ ਪਾਉਣ ਲਈ ਅਮਨ ਅਰੋੜਾ ਉਲਟਾ ਉਨ੍ਹਾਂ ਦੀਆਂ ਗ਼ਲਤੀਆਂ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ 9-10 ਦਿਨਾਂ ਤੱਕ ਸਿੱਧੂ ਮੂਸੇਵਾਲਾ ਨੂੰ ਕੋਈ ਸੁਰੱਖਿਆ ਨਹੀਂ ਮਿਲੀ ਹੋਈ ਸੀ, ਪਰ ਇਹ ਗੱਲ ਜਨਤਕ ਨਹੀਂ ਕੀਤੀ ਗਈ ਸੀ। 28 ਮਈ 2022 ਨੂੰ ਜਦੋਂ ਸੁਰੱਖਿਆ ਘਟਾਈ ਗਈ ਤਾਂ ਮੁੱਖ ਮੰਤਰੀ ਦੇ ਹੁਣ ਬਣੇ ਮੀਡੀਆ ਸਲਾਹਕਾਰ ਨੇ ਉਦੋਂ ਸੋਸ਼ਲ ਮੀਡੀਆ ‘ਤੇ ਇਸ ਦਾ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਗੈਂਗਸਟਰ ਗੋਲਡੀ ਬਰਾੜ ਨੇ ਵੀ ਇਕ ਇੰਟਰਵਿਊ ‘ਚ ਮੰਨਿਆ ਹੈ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਏ ਜਾਣ ਦਾ ਪਤਾ ਲੱਗਣ ‘ਤੇ ਹੀ ਉਸ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਸੀ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਨੂੰ ਇੰਡੀਆ ਲਿਆਉਣ ‘ਚ ਤਾਂ ਦੇਰੀ ਹੋ ਸਕਦੀ ਹੈ, ਪਰ ਨੇੜੇ ਬੈਠੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ‘ਚ ਦੇਰੀ ਕਿਉਂ ਕੀਤੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਜਨਤਕ ਕੀਤੀ ਸੂਚਨਾ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਆਪਣੇ ਪੁੱਤਰ ਦੇ ਕਤਲ ਦਾ ਇਨਸਾਫ਼ ਲੈਣ ਲਈ ਉਹ ਮੁੜ ਵਿਧਾਨ ਸਭਾ ਵੀ ਜਾ ਸਕਦੇ ਹਨ।