ਜਾਪਾਨ ਦੀ ਸ਼ੁਕੋ ਅਓਯਾਮਾ ਅਤੇ ਏਨਾ ਸ਼ਿਬਾਹਾਰਾ ਨੂੰ 6-4, 6-3 ਨਾਲ ਹਰਾ ਕੇ ਚੈੱਕ ਗਣਰਾਜ ਦੀ ਕੈਟਰੀਨਾ ਸਿਨੀਆਕੋਵਾ ਅਤੇ ਬਾਰਬੋਰਾ ਕ੍ਰੇਜਿਸਕੋਵਾ ਨੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਡਬਲਜ਼ ਦਾ ਖਿਤਾਬ ਜਿੱਤ ਲਿਆ। ਇਸ ਜਿੱਤ ਨਾਲ ਚੈੱਕ ਗਣਰਾਜ ਦੀ ਜੋੜੀ ਨੇ ਗ੍ਰੈਂਡ ਸਲੈਮ ਟੂਰਨਾਮੈਂਟਾਂ ‘ਚ ਆਪਣੀ ਜੇਤੂ ਮੁਹਿੰਮ ਨੂੰ 24 ਮੈਚਾਂ ਤੱਕ ਵਧਾ ਦਿੱਤਾ ਹੈ। ਇਹ ਉਨ੍ਹਾਂ ਦਾ ਸੱਤਵਾਂ ਗ੍ਰੈਂਡ ਸਲੈਮ ਡਬਲਜ਼ ਖ਼ਿਤਾਬ ਹੈ। ਉਨ੍ਹਾਂ ਨੇ ਦੋਨਾਂ ਸੈੱਟਾਂ ਦੇ ਸ਼ੁਰੂਆਤੀ ਗੇਮਾਂ ‘ਚ ਜਾਪਾਨੀ ਜੋੜੀ ਦੀ ਲੈਅ ਨੂੰ ਤੋੜਿਆ। ਚੈੱਕ ਗਣਰਾਜ ਦੀ ਜੋੜੀ ਨੇ ਪਿਛਲੇ ਸਾਲ ਆਸਟ੍ਰੇਲੀਅਨ ਓਪਨ, ਫਰੈਂਚ ਓਪਨ ਅਤੇ ਯੂ.ਐੱਸ. ਓਪਨ ‘ਚ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤਿਆ ਸੀ। ਸਿਨੀਆਕੋਵਾ ਨੇ ਖ਼ਿਤਾਬ ਜਿੱਤਣ ਤੋਂ ਬਾਅਦ ਕਿਹਾ, ‘ਮੇਰੀ ਜੋੜੀਦਾਰ ਬਾਰਬੋਰਾ ਦਾ ਬਹੁਤ-ਬਹੁਤ ਧੰਨਵਾਦ। ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਦੁਬਾਰਾ ਖ਼ਿਤਾਬ ਜਿੱਤਣ ‘ਚ ਕਾਮਯਾਬ ਰਹੇ। ਇਹ ਇਕ ਸ਼ਾਨਦਾਰ ਸਫ਼ਰ ਰਿਹਾ।’ ਅਓਯਾਮਾ ਅਤੇ ਸ਼ਿਬਾਹਾਰਾ ਆਪਣੇ 10ਵੇਂ ਫਾਈਨਲ ‘ਚ ਖੇਡ ਰਹੇ ਸਨ ਪਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ‘ਚ ਉਨ੍ਹਾਂ ਦਾ ਪਹਿਲਾ ਫਾਈਨਲ ਸੀ। ਸ਼ਿਬਾਹਾਰਾ ਨੇ ਕਿਹਾ, ‘ਇਹ ਬਹੁਤ ਕਰੀਬੀ ਮੈਚ ਸੀ ਪਰ ਨਿਸ਼ਚਿਤ ਤੌਰ ‘ਤੇ ਸਾਡੇ ਵਿਰੋਧੀ ਪੱਖ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ। ਮੈਨੂੰ ਲੱਗਦਾ ਹੈ ਕਿ ਅਗਲੀ ਵਾਰ ਅਸੀਂ ਇਸ ਤੋਂ ਬਿਹਤਰ ਪ੍ਰਦਰਸ਼ਨ ਕਰਾਂਗੇ।’