ਕਰੀਬ 12 ਸਾਲ ਪਹਿਲਾਂ 2010 ‘ਚ ਹੈਦਰਾਬਾਦ ‘ਚ ਰਵਾਇਤੀ ਤਰੀਕੇ ਨਾਲ ਨਿਕਾਹ ਕਰਵਾਉਣ ਵਾਲੇ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਨੇੜ ਭਵਿੱਖ ‘ਚ ਤਲਾਕ ਲੈ ਸਕਦੇ ਹਨ। ਅਜਿਹੀਆਂ ਖ਼ਬਰਾਂ ਹਨ ਕਿ ਉਨ੍ਹਾਂ ‘ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਅਤੇ ਦੋਹਾਂ ਨੇ ਵੱਖ ਰਹਿਣਾ ਸ਼ੁਰੂ ਕਰ ਦਿੱਤਾ ਹੈ। ਨਿਕਾਹ ਤੋਂ ਦਸ ਸਾਲ ਬਾਅਦ ਦੋਹਾਂ ਦੇ ਘਰ ਬੇਟੇ ਨੇ ਜਨਮ ਲਿਆ ਸੀ ਜਿਸ ਦਾ ਨਾਂ ਇਜ਼ਾਨ ਰੱਖਿਆ ਗਿਆ। ਸਾਨੀਆ ਮਿਰਜ਼ਾ ਇੰਡੀਆ ਦੀ ਸਟਾਰ ਟੈਨਿਸ ਪਲੇਅਰ ਰਹੀ ਹੈ ਜਦਕਿ ਸ਼ੋਏਬ ਪਾਕਿਸਤਾਨੀ ਕ੍ਰਿਕਟਰ ਰਹੇ ਹਨ। ਕੁਝ ਦਿਨਾਂ ਤੋਂ ਪਾਕਿਸਤਾਨੀ ਮੀਡੀਆ ”ਚ ਅਫਵਾਹਾਂ ਫੈਲ ਰਹੀਆਂ ਸਨ ਕਿ ਦੋਵਾਂ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਤੇ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਇਸ ਦੌਰਾਨ ਸਾਨੀਆ ਮਿਰਜ਼ਾ ਨੇ ਵੀ ਸੋਸ਼ਲ ਮੀਡੀਆ ‘ਤੇ ਕੁਝ ਅਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਸਨ, ਜਿਸ ਤੋਂ ਲੱਗਦਾ ਹੈ ਕਿ ਉਹ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੈ। ਹੁਣ ਸਾਨੀਆ ਅਤੇ ਸ਼ੋਏਬ ਦੇ ਕਰੀਬੀ ਦੋਸਤ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਦੋਵੇਂ ਜਲਦ ਹੀ ਤਲਾਕ ਲੈਣ ਵਾਲੇ ਹਨ ਅਤੇ ਦੋਵਾਂ ਨੇ ਵੱਖ ਰਹਿਣਾ ਸ਼ੁਰੂ ਕਰ ਦਿੱਤਾ ਹੈ। ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਸਾਨੀਆ ਡੁਬਈ ”ਚ ਰਹਿ ਰਹੀ ਹੈ ਜਦਕਿ ਸ਼ੋਏਬ ਪਾਕਿਸਤਾਨ ‘ਚ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸੀ ਕਿ ਉਹ ਸ਼ੋਏਬ ਤੋਂ ਖੁਸ਼ ਨਹੀਂ ਹੈ। ਉਨ੍ਹਾਂ ਨੇ ਹਾਲ ਹੀ ‘ਚ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਵੀ ਆਪਣਾ ਦਰਦ ਬਿਆਨ ਕੀਤਾ ਸੀ, ਜਿਸ ਤੋਂ ਲੋਕਾਂ ਨੂੰ ਅੰਦਾਜ਼ਾ ਸੀ ਕਿ ਦੋਵਾਂ ਦਾ ਰਿਸ਼ਤਾ ਜਲਦ ਹੀ ਟੁੱਟਣ ਵਾਲਾ ਹੈ। ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਸਾਨੀਆ ਨੇ ਲਿਖਿਆ, ‘ਟੁੱਟੇ ਦਿਲ ਵਾਲੇ ਕਿੱਥੇ ਜਾਂਦੇ ਹਨ?’ ਇਸ ਦੇ ਨਾਲ ਹੀ ਸਾਨੀਆ ਨੇ ਆਪਣੇ ਬੇਟੇ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ ਸੀ, ਜਿਸ ਦੀ ਕੈਪਸ਼ਨ ‘ਚ ਉਸ ਨੇ ਲਿਖਿਆ, ‘ਇਹ ਪਿਆਰ ਭਰੇ ਪਲ ਤੁਹਾਨੂੰ ਇਨ੍ਹਾਂ ਮੁਸ਼ਕਿਲ ਦਿਨਾਂ ‘ਚੋਂ ਬਾਹਰ ਲਿਆਉਂਦੇ ਹਨ।’