ਛੇ ਵਾਰ ਦੀ ਗ੍ਰੈਂਡ ਸਲੈਮ ਜੇਤੂ ਸਾਨੀਆ ਮਿਰਜ਼ਾ ਨੇ ਸ਼ਨੀਵਾਰ ਨੂੰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਕ ਇੰਟਰਵਿਊ ‘ਚ ਉਸ ਨੇ ਕਿਹਾ ਕਿ ਡੁਬਈ ‘ਚ ਡਬਲਿਊ.ਟੀ.ਏ. 1000 ਈਵੈਂਟ ਉਸਦਾ ਆਖਰੀ ਟੂਰਨਾਮੈਂਟ ਹੋਵੇਗਾ। ਸਾਨੀਆ ਨੇ ਤਿੰਨ ਵਾਰ ਮਹਿਲਾ ਡਬਲਜ਼ ਗ੍ਰੈਂਡ ਸਲੈਮ ਅਤੇ ਤਿੰਨ ਵਾਰ ਮਿਕਸਡ ਡਬਲਜ਼ ਦੇ ਖਿਤਾਬ ਜਿੱਤੇ ਹਨ। ਉਹ ਇਸ ਮਹੀਨੇ ਆਸਟਰੇਲੀਆ ਓਪਨ ਦੇ ਡਬਲਜ਼ ‘ਚ ਖੇਡੇਗੀ। 36 ਸਾਲਾ ਸਾਨੀਆ ਨੇ ਪਿਛਲੇ ਸਾਲ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ ‘ਚ ਉਸਨੇ ਆਪਣਾ ਐਲਾਨ ਵਾਪਸ ਲੈ ਲਿਆ। ਟੈਨਿਸ ਦੀ ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ‘ਚ ਉਸ ਨੇ ਸੰਨਿਆਸ ਤੋਂ ਵਾਪਸੀ ‘ਤੇ ਕਿਹਾ ਸੀ ਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਸੱਟ ਕਾਰਨ ਟੈਨਿਸ ਤੋਂ ਦੂਰ ਰਹਾਂ। ਇਸ ਲਈ ਮੈਂ ਰਿਟਾਇਰ ਹੋਣ ਦੇ ਆਪਣੇ ਫੈਸਲੇ ਨੂੰ ਅੱਗੇ ਵਧਾਇਆ ਅਤੇ ਫਿਰ ਟ੍ਰੇਨਿੰਗ ਸ਼ੁਰੂ ਕੀਤੀ। ਸਾਨੀਆ ਮਿਰਜ਼ਾ ਡਬਲਜ਼ ‘ਚ 6 ਗ੍ਰੈਂਡ ਸਲੈਮ ਜਿੱਤ ਚੁੱਕੀ ਹੈ। ਉਹ 2009 ‘ਚ ਆਸਟਰੇਲੀਅਨ ਓਪਨ ਮਿਕਸਡ ਡਬਲਜ਼, 2012 ‘ਚ ਫ੍ਰੈਂਚ ਓਪਨ ਮਿਕਸਡ ਡਬਲਜ਼, 2014 ‘ਚ ਯੂ.ਐੱਸ. ਓਪਨ ਮਿਕਸਡ ਡਬਲਜ਼, 2015 ‘ਚ ਵਿੰਬਲਡਨ ਵਿਮੈਂਸ ਡਬਲਜ਼, 2015 ‘ਚ ਯੂ.ਐੱਸ. ਓਪਨ ਵਿਮੈਂਸ ਡਬਲਜ਼, 2016 ‘ਚ ਆਸਟਰੇਲੀਅਨ ਓਪਨ ਵਿਮੈਂਸ ਡਬਲਜ਼ ਦੇ ਖ਼ਿਤਾਬ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਸਾਨੀਆ ਮਿਰਜ਼ਾ 2004 ‘ਚ ਅਰਜੁਨ ਐਵਾਰਡ, 2006 ‘ਚ ਪਦਮਸ਼੍ਰੀ ਐਵਾਰਡ, 2015 ‘ਚ ਰਾਜੀਵ ਗਾਂਧੀ ਖੇਡ ਰਤਨ ਤੇ 2016 ‘ਚ ਪਦਮ ਭੂਸ਼ਣ ਐਵਾਰਡ ਵਰਗੇ ਸਨਮਾਨ ਹਾਸਲ ਕਰ ਚੁੱਕੀ ਹੈ।