ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਜ਼ਮਾਨਤ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਪਟਿਆਲਾ ਜੇਲ੍ਹ ‘ਚ ਬੰਦ ਸਾਬਕਾ ਮੰਤਰੀ ਆਸ਼ੂ ਲਈ ਇਹ ਵੱਡਾ ਝਟਕਾ ਹੈ। ਹਾਈ ਕੋਰਟ ਨੇ ਚਾਰ ਠੇਕੇਦਾਰਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਹੈ। ਜਸਟਿਸ ਰਾਜ ਮੋਹਨ ਸਿੰਘ ਨੇ 27 ਸਤੰਬਰ ਨੂੰ ਇਸ ਪਟੀਸ਼ਨ ਸਬੰਧੀ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਠੇਕੇਦਾਰ ਸੰਦੀਪ ਭਾਟੀਆ, ਜਗਰੂਪ ਸਿੰਘ, ਸੁਰਿੰਦਰ ਕੁਮਾਰ ਅਤੇ ਅਨਿਲ ਜੈਨ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਹੈ। ਚੇਤੇ ਰਹੇ ਕਿ ਵਿਜੀਲੈਂਸ ਰੇਂਜ ਲੁਧਿਆਣਾ ਵੱਲੋਂ ਖੁਰਾਕ ਤੇ ਸਪਲਾਈ ਵਿਭਾਗ ‘ਚ ਹੋਏ ਟੈਂਡਰ ਘਪਲੇ ਦੇ ਸਬੰਧ ‘ਚ 16 ਅਗਸਤ 2022 ਨੂੰ ਕੇਸ ਦਰਜ ਕੀਤਾ ਸੀ। ਇਸ ਭ੍ਰਿਸ਼ਟਾਚਾਰ ਕੇਸ ‘ਚ ਵਿਜੀਲੈਂਸ ਨੇ 22 ਅਗਸਤ ਨੂੰ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਲੁਧਿਆਣਾ ਦੇ ਇਕ ਸੈਲੂਨ ਤੋਂ ਗ੍ਰਿਫ਼ਤਾਰ ਕੀਤਾ ਸੀ। ਸਾਬਕਾ ਮੰਤਰੀ ਆਸ਼ੂ ਨੇ ਪਹਿਲਾਂ ਲੁਧਿਆਣਾ ਦੀ ਹੇਠਲੀ ਅਦਾਲਤ ‘ਚ ਜ਼ਮਾਨਤ ਅਰਜ਼ੀ ਲਾਈ ਸੀ ਜੋ ਅਦਾਲਤ ਨੇ 9 ਸਤੰਬਰ ਨੂੰ ਰੱਦ ਕਰ ਦਿੱਤੀ ਸੀ। ਉਸ ਮਗਰੋਂ ਆਸ਼ੂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਇਸ ਪਟੀਸ਼ਨ ਦੇ ਆਧਾਰ ‘ਤੇ ਹਾਈ ਕੋਰਟ ਨੇ 21 ਸਤੰਬਰ ਨੂੰ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਆਪਣੀ ਪਟੀਸ਼ਨ ‘ਚ ਸਾਬਕਾ ਮੰਤਰੀ ਨੇ ਇਸ ਕੇਸ ਦਾ ਆਧਾਰ ਸਿਆਸੀ ਬਦਲਾਖੋਰੀ ਦੱਸਿਆ ਸੀ। ਵਿਜੀਲੈਂਸ ਇਸ ਕੇਸ ‘ਚ ਹੁਣ ਤੱਕ ਸਾਬਕਾ ਮੰਤਰੀ ਆਸ਼ੂ ਤੋਂ ਇਲਾਵਾ ਠੇਕੇਦਾਰ ਤੇਲੂ ਰਾਮ ਤੇ ਆੜ੍ਹਤੀ ਕ੍ਰਿਸ਼ਨ ਲਾਲ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਦਕਿ ਸੱਤ ਮੁਲਜ਼ਮ ਸੰਦੀਪ ਭਾਟੀਆ, ਪੰਕਜ ਮੀਨੂੰ ਮਲਹੋਤਰਾ, ਜਗਰੂਪ ਸਿੰਘ, ਇੰਦਰਜੀਤ, ਰਾਕੇਸ਼ ਸਿੰਗਲਾ, ਸੁਰਿੰਦਰ ਕੁਮਾਰ, ਜਗਨਦੀਪ ਅਤੇ ਅਨਿਲ ਜੈਨ ਗ੍ਰਿਫ਼ਤ ਤੋਂ ਬਾਹਰ ਹਨ। ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਹੁਣ ਮੁੜ ਪਟੀਸ਼ਨ ਦਾਖ਼ਲ ਕਰਨ ‘ਚ ਕਰੀਬ ਇਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ ਜਿਸ ਕਰਕੇ ਸਾਬਕਾ ਮੰਤਰੀ ਨੂੰ ਇਕ ਮਹੀਨਾ ਹੋਰ ਹਾਲੇ ਜੇਲ੍ਹ ‘ਚ ਹੀ ਰਹਿਣਾ ਪਵੇਗਾ।