ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਪਾਸੋਂ ਵਿਜੀਲੈਂਸ ਬਿਊਰੋ ਨੇ ਦਫ਼ਤਰ ਸੱਦ ਕੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਇਕ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਵੇਰਵਿਆਂ ਮੁਤਾਬਕ ਇਸ ਸਮੇਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਜਾਇਦਾਦ ਨੂੰ ਲੈ ਕੇ ਸਵਾਲ ਕੀਤੇ। ਸਾਬਕਾ ਵਿਧਾਇਕ ਕਿੱਕੀ ਢਿੱਲੋਂ ਆਪਣੇ ਆਮਦਨ ਟੈਕਸ ਦੇ ਵਕੀਲ ਨੂੰ ਨਾਲ ਲੈ ਕੇ ਵਿਜੀਲੈਂਸ ਦਫ਼ਤਰ ਪੁੱਜੇ ਸਨ। ਇਸ ਮੌਕੇ ਕਿੱਕੀ ਢਿੱਲੋਂ ਨੇ ਕਿਹਾ ਕੇ ਵਿਭਾਗ ਵੱਲੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਕੋਲੋਂ ਆਮਦਨ ਦੇ ਸਰੋਤਾਂ ਬਾਰੇ ਸਵਾਲ ਕੀਤੇ ਗਏ ਤੇ ਨਾਲ ਹੀ ਕੁਝ ਜਾਣਕਾਰੀ ਮੰਗੀ ਗਈ ਜਿਸ ਨੂੰ ਉਹ ਕੁਝ ਸਮੇਂ ਤੱਕ ਜਮ੍ਹਾਂ ਕਰਵਾਉਣਗੇ। ਸਾਬਕਾ ਵਿਧਾਇਕ ਨੇ ਕਿਹਾ ਕਿ ਉਹ ਇਕ ਬਿਜ਼ਨੈਸਮੈਨ ਹਨ, ਇਸ ਲਈ ਉਨ੍ਹਾਂ ਦਾ ਸਾਰਾ ਰਿਕਾਰਡ ਆਨਲਾਈਨ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚੋਣ ਲੜਨ ਵੇਲੇ ਆਪਣੀ ਸਾਰੀ ਜਾਇਦਾਦ ਦਾ ਵੇਰਵਾ ਪੇਸ਼ ਕੀਤਾ ਸੀ ਅਤੇ ਕੁਝ ਵੀ ਲੁਕਾਇਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਫਿਰ ਵੀ ਜੇਕਰ ਵਿਜੀਲੈਂਸ ਨੂੰ ਇਸ ਸਬੰਧੀ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਇਸ ‘ਚ ਉਹ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ। ਕਿੱਕੀ ਢਿੱਲੋਂ ਨੇ ਆਖਿਆ ਕਿ ਸਿਆਸਤ ‘ਚ ਆ ਕੇ ਉਨ੍ਹਾਂ ਨੇ ਕੁਝ ਨਾ ਕੁਝ ਗਵਾਇਆ ਹੀ ਹੈ, ਕੁਝ ਕਮਾਇਆ ਨਹੀਂ। ਲੋਕਾਂ ਦੇ ਹਿੱਤਾਂ ਲਈ ਉਹ ਆਪਣੇ ਪੱਲਿਓਂ ਵੀ ਖ਼ਰਚ ਕਰਦੇ ਰਹੇ ਹਨ। ਇਸ ਮੌਕੇ ਵਿਜੀਲੈਂਸ ਦੇ ਡੀ.ਐੱਸ.ਪੀ. ਜਸਵਿੰਦਰ ਸਿੰਘ ਨੇ ਦੱਸਿਆ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਇਕ ਸ਼ਿਕਾਇਤ ਦੇ ਆਧਾਰ ਤੇ ਸਾਬਕਾ ਵਿਧਾਇਕ ਨੂੰ ਤਲਬ ਕੀਤਾ ਗਿਆ ਸੀ।