ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਮੰਤਰੀ ਲਗਾਤਾਰ ਵਿਜੀਲੈਂਸ ਬਿਊਰੋ ਦੇ ਨਿਸ਼ਾਨੇ ‘ਤੇ ਆ ਰਹੇ ਹਨ ਅਤੇ ਹੁਣ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਬੀਤੇ ਕੱਲ੍ਹ ਉਨ੍ਹਾਂ ਦੇ ਟਿਕਾਣਿਆਂ ਦੀ ਚੈਕਿੰਗ ਕਰਨ ਤੋਂ ਬਾਅਦ ਅੱਜ ਮੰਗਲਵਾਰ ਨੂੰ ਉਨ੍ਹਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ। ਸਿਆਸਤ ‘ਚ ਆਉਣ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀ ਰਹੇ ਵੈਦ ‘ਤੇ ਤੈਅ ਲਿਮਟ ਤੋਂ ਵੱਧ ਸ਼ਰਾਬ ਰੱਖਣ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਦੇ ਘਰ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਘਰੋਂ ਭਾਰਤੀ ਅਤੇ ਵਿਦੇਸ਼ੀ ਸ਼ਰਾਬ ਦੀਆਂ 73 ਬੋਤਲਾਂ ਬਰਾਮਦ ਹੋਈਆਂ ਸਨ। ਇਹ ਐੱਫ.ਆਈ.ਆਰ. ਐਕਸਾਈਜ਼ ਐਕਟ ਤਹਿਤ ਦਰਜ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਕੁਲਦੀਪ ਸਿੰਘ ਵੈਦ ਅਤੇ ਉਨ੍ਹਾਂ ਦੇ ਪੁੱਤਰ ਕੋਲ ਇਸ ਸਬੰਧੀ ਲਾਇਸੈਂਸ ਵੀ ਸਨ ਪਰ ਤੈਅ ਲਿਮਟ ਤੋਂ ਵੱਧ ਸ਼ਰਾਬ ਬਰਾਮਦ ਹੋਣ ਕਾਰਨ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ‘ਚ ਕੀਤੀ ਗਈ। ਸਾਬਕਾ ਵਿਧਾਇਕ ਦੇ ਘਰ ਜਾਂਚ ਲਈ ਚੰਡੀਗੜ੍ਹ ਤੋਂ ਤਕਨੀਕੀ ਟੀਮਾਂ ਪੁੱਜੀਆਂ ਜਿਸ ਦੌਰਾਨ ਉਨ੍ਹਾਂ ਦੇ ਘਰੋਂ ਮਹਿੰਗੀ ਅਤੇ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਵਿਜੀਲੈਂਸ ਦੀ ਟੀਮ ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਅਤੇ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਕੁਲਦੀਪ ਸਿੰਘ ਵੈਦ ਦੇ ਸਰਾਭਾ ਨਗਰ ਸਥਿਤ ਘਰ ਪੁੱਜੀ ਤਾਂ ਉਸ ਸਮੇਂ ਉਹ ਘਰ ਮੌਜੂਦ ਨਹੀਂ ਸਨ। ਉਹ ਚੰਡੀਗੜ੍ਹ ‘ਚ ਕਾਂਗਰਸ ਵੱਲੋਂ ਦਿੱਤੇ ਜਾ ਰਹੇ ਧਰਨੇ ‘ਚ ਸ਼ਾਮਲ ਹੋਣ ਗਏ ਸਨ। ਇਸ ਦੌਰਾਨ ਉਨ੍ਹਾਂ ਦਾ ਲੜਕਾ ਕੌਂਸਲਰ ਹਰਕਰਨਦੀਪ ਸਿੰਘ ਵੈਦ ਘਰ ‘ਚ ਮੌਜੂਦ ਸੀ। ਇਸ ਮੌਕੇ ਡੀ.ਐੱਸ.ਪੀ. ਵਿਜੀਲੈਂਸ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਤੇ ਇਕ ਟੀਮ ਚੰਡੀਗੜ੍ਹ ਤੋਂ ਜਾਂਚ ਕਰਨ ਪੁੱਜੀ ਜਿਸ ਨੇ ਸਾਬਕਾ ਵਿਧਾਇਕ ਦੇ ਘਰ, ਘਰ ਨਾਲ ਬਣੇ ਰੇਸਤਰਾਂ ਲੱਕੀ ਕੈਫ਼ੇ ਦੀ ਵੀ ਛਾਣਬੀਣ ਕੀਤੀ ਜੋ ਫਿਲਹਾਲ ਬੰਦ ਹੈ। ਇਸ ਮੌਕੇ ਤਕਨੀਕੀ ਟੀਮ ਨੇ ਜਾਇਦਾਦ ਦੀ ਪੈਮਾਇਸ਼ ਕੀਤੀ ਤੇ ਇਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਵਿਜੀਲੈਂਸ ਟੀਮ ਨੇ ਕਰੀਬ ਤਿੰਨ ਘੰਟੇ ਤੱਕ ਜਾਂਚ ਕੀਤੀ ਤੇ ਵਾਪਸ ਚਲੀ ਗਈ। ਵਿਜੀਲੈਂਸ ਦੀ ਟੀਮ ਸਵੇਰੇ ਕਰੀਬ ਗਿਆਰਾਂ ਵਜੇ ਸਾਬਕਾ ਵਿਧਾਇਕ ਦੇ ਘਰ ਪੁੱਜੀ ਤੇ ਉਨ੍ਹਾਂ ਵੈਦ ਦੇ ਲੜਕੇ ਤੇ ਪਤਨੀ ਤੋਂ ਸਵਾਲ ਪੁੱਛੇ। ਵਿਜੀਲੈਂਸ ਵਿਭਾਗ ਦੇ ਐੱਸ.ਐੱਸ.ਪੀ. ਰਾਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਜਿਸ ‘ਚ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਨਾਮ ਵੀ ਸ਼ਾਮਲ ਹੈ। ਭਾਵੇਂ ਸ਼ਰਾਬ ਮਾਮਲੇ ‘ਚ ਵੈਦ ਖ਼ਿਲਾਫ਼ ਐੱਫ.ਆਈ.ਆਰ. ਦਰਜ ਹੋ ਗਈ ਹੈ ਪਰ ਹੋਰਨਾਂ ਮਾਮਲਿਆਂ ‘ਚ ਸਾਬਕਾ ਵਿਧਾਇਕ ਦੀਆਂ ਮੁਸ਼ਕਿਲਾਂ ਹਾਲੇ ਘੱਟ ਨਹੀਂ ਹੋਈਆਂ ਹਨ ਅਤੇ ਕਾਰਵਾਈ ਦੀ ਤਲਵਾਰ ਹਾਲੇ ਵੀ ਉਨ੍ਹਾਂ ਦੇ ਸਿਰ ‘ਤੇ ਲਟਕ ਰਹੀ ਹੈ।