ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ‘ਚ ਨਾਮਜ਼ਦ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਲੁਧਿਆਣਾ ਦੀ ਅਦਾਲਤ ‘ਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਵਿਜੀਲੈਂਸ ਨੇ ਕਾਰਵਾਈ ਅੱਗੇ ਵਧਾਉਂਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਅਜੀਤ ਅਤਰੀ ਦੀ ਅਦਾਲਤ ‘ਚ 1556 ਪੇਜਾਂ ਦਾ ਚਲਾਨ ਬਣਾ ਕੇ ਪੂਰੀ ਫਾਈਲ ਪੇਸ਼ ਕੀਤੀ ਹੈ। ਵਿਜੀਲੈਂਸ ਵਿਭਾਗ ਦੇ ਐੱਸ.ਐੱਸ.ਪੀ. ਰਾਵਿੰਦਰਪਾਲ ਸਿੰਘ ਸੰਧੂ ਨੇ ਚਲਾਨ ਪੇਸ਼ ਕਰਨ ਦੀ ਪੁਸ਼ਟੀ ਕੀਤੀ। ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਤਿੰਨ ਮਹੀਨੇ ਦੇ ਅੰਦਰ ਚਲਾਨ ਪੇਸ਼ ਕਰਨਾ ਸੀ। ਵਿਜੀਲੈਂਸ ਟੀਮ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 22 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਅਨੁਮਾਨ ਲਗਾਇਆ ਜਾ ਰਿਹਾ ਸੀ ਕਿ 20 ਨਵੰਬਰ ਤੋਂ ਪਹਿਲਾਂ ਵਿਜੀਲੈਂਸ ਦੀ ਟੀਮ ਚਲਾਨ ਪੇਸ਼ ਕਰ ਸਕਦੀ ਹੈ ਤੇ ਵਿਜੀਲੈਂਸ ਦੀ ਟੀਮ ਨੇ ਚਲਾਨ ਪੇਸ਼ ਕਰ ਦਿੱਤਾ। ਐੱਸ.ਐੱਸ.ਪੀ. ਵਿਜੀਲੈਂਸ ਰਾਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਵਿਜੀਲੈਂਸ ਦੀ ਟੀਮ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਤੇਲੂ ਰਾਮ ਤੇ ਕਮਿਸ਼ਨ ਏਜੰਟ ਕ੍ਰਿਸ਼ਨ ਲਾਲ ਖ਼ਿਲਾਫ਼ ਜ਼ਿਲ੍ਹਾ ਸੈਸ਼ਨ ਜੱਜ ਡਾ. ਅਜੀਤ ਅਤਰੀ ਦੀ ਅਦਾਲਤ ‘ਚ ਚਲਾਨ ਪੇਸ਼ ਕੀਤਾ। ਵਿਜੀਲੈਂਸ ਦੀ ਟੀਮ ਨੇ ਤੇਲੂ ਰਾਮ ਨੂੰ 15 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਨੇ ਤੇਲੂ ਰਾਮ ਠੇਕੇਦਾਰ, ਗੁਰਦਾਸ ਐਂਡ ਕੰਪਨੀ ਖ਼ਿਲਾਫ਼ ਵੀ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ‘ਚ ਰਾਕੇਸ਼ ਕੁਮਾਰ ਸਿੰਗਲਾ, ਸਾਬਕਾ ਮੰਤਰੀ ਦਾ ਪੀ.ਏ. ਮੀਨੂੰ ਪੰਕਜ ਮਲਹੋਤਰਾ, ਇੰਦਰਜੀਤ ਇੰਦੀ ਸਣੇ ਕਈ ਮੁਲਜ਼ਮ ਹਾਲੇ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਲਈ ਟੀਮਾਂ ਲਗਾਤਾਰ ਛਾਪੇ ਮਾਰ ਰਹੀਆਂ ਹਨ। ਸੰਧੂ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਇਸ ਮਾਮਲੇ ‘ਚ ਹੋਰ ਮੁਲਜ਼ਮਾਂ ਖ਼ਿਲਾਫ਼ ਪੂਰਨ ਚਲਾਨ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਨੇ ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ, ਮੀਨੂੰ ਪੰਕਜ ਮਲਹੋਤਰਾ ਤੇ ਇੰਦਰਜੀਤ ਇੰਦੀ ਨੂੰ ਭਗੌੜਾ ਐਲਾਨਣ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿੰਗਲਾ ਸਬੰਧੀ 24 ਨਵੰਬਰ ਨੂੰ ਇਸ਼ਤਿਹਾਰ ਜਾਰੀ ਹੋਣਗੇ ਅਤੇ ਇਸ ਮਗਰੋਂ ਉਸ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ, ਜਦਕਿ ਮੀਨੂੰ ਪੰਕਜ ਮਲਹੋਤਰਾ ਤੇ ਇੰਦਰਜੀਤ ਇੰਦੀ ਨੂੰ ਵੀ 19 ਨਵੰਬਰ ਤੱਕ ਪੇਸ਼ ਹੋਣ ਲਈ ਆਖਿਆ ਗਿਆ ਹੈ।