ਭਾਰਤੀ ਮੂਲ ਦੇ ਇਕ 30 ਸਾਲਾ ਨੌਜਵਾਨ ਨੂੰ ਸਿੰਗਾਪੁਰ ‘ਚ ਛੇ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ ਆਪਣੀ ਸਾਬਕਾ ਪ੍ਰੇਮਿਕਾ ਦੇ ਵਿਆਹ ਤੋਂ ਪਹਿਲਾਂ ਉਸ ਦੇ ਮੰਗੇਤਰ ਦੇ ਘਰ ਦੇ ਬਾਹਰ ਅੱਗ ਲਾਉਣ ਦਾ ਦੋਸ਼ ਹੈ। ਦਿ ਸਟਰੇਟ ਟਾਈਮਜ਼ ਨੇ ਰਿਪੋਰਟ ਕੀਤੀ ਕਿ ਸੁਰੇਨਥੀਰਨ ਸੁਗੁਮਾਰਨ ਨੂੰ ਇਸ ਸਾਲ ਅਕਤੂਬਰ ‘ਚ ਇਸ ਜਾਣਕਾਰੀ ਦੇ ਨਾਲ ਅੱਗਜ਼ਨੀ ਦਾ ਦੋਸ਼ੀ ਠਹਿਰਾਇਆ ਗਿਆ ਸੀ ਕਿ ਇਸ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚ ਸਕਦਾ ਸੀ। ਖ਼ਬਰ ਮੁਤਾਬਕ, ਸੁਗੁਮਾਰਨ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਵਿਆਹ ਬਾਰੇ ਪਤਾ ਲੱਗਣ ਤੋਂ ਬਾਅਦ ਗੁੱਸਾ ਆ ਗਿਆ ਸੀ। ਗੁੱਸੇ ‘ਚ ਆ ਕੇ ਉਸ ਨੇ ਉਸ ਅਪਾਰਟਮੈਂਟ ਦੇ ਬਾਹਰ ਅੱਗ ਲਗਾ ਦਿੱਤੀ, ਜਿੱਥੇ ਉਸ ਦੀ ਸਾਬਕਾ ਪ੍ਰੇਮਿਕਾ ਦਾ ਮੰਗੇਤਰ ਰਹਿੰਦਾ ਸੀ। ਖ਼ਬਰ ਮੁਤਾਬਕ ਸੁਗੁਮਾਰਨ ਨੂੰ 11 ਮਾਰਚ ਨੂੰ ਇੰਸਟਾਗ੍ਰਾਮ ‘ਤੇ ਇਕ ਪੋਸਟ ਰਾਹੀਂ ਪਤਾ ਲੱਗਾ ਸੀ ਕਿ ਉਸ ਦੀ ਸਾਬਕਾ ਪ੍ਰੇਮਿਕਾ ਅਗਲੇ ਦਿਨ ਮੁਹੰਮਦ ਅਜਲੀ ਮੁਹੰਮਦ ਸਾਲੇਹ ਨਾਂ ਦੇ ਨੌਜਵਾਨ ਨਾਲ ਵਿਆਹ ਕਰਨ ਵਾਲੀ ਹੈ। ਖ਼ਬਰ ਅਨੁਸਾਰ ਸੁਗੁਮਾਰਨ ਨੇ ਅਜਲੀ ਦੇ ਫਲੈਟ ਦੇ ਦਰਵਾਜ਼ੇ ਨੂੰ ਤਾਲਾ ਲਗਾ ਦਿੱਤਾ ਅਤੇ ਉਸ ਨੂੰ ਅਸੁਵਿਧਾ ਪੈਦਾ ਕਰਨ ਦੇ ਇਰਾਦੇ ਨਾਲ ਉਸ ਦੇ ਘਰ ਦੇ ਸਾਹਮਣੇ ਅੱਗ ਲਗਾ ਦਿੱਤੀ। ਸੁਗੁਮਾਰਨ ਨੂੰ ਸਜ਼ਾ ਸੁਣਾਉਂਦੇ ਹੋਏ ਜ਼ਿਲ੍ਹਾ ਜੱਜ ਯੂਜੀਨ ਟੋ ਨੇ ਕਿਹਾ, ‘ਇਸ ਤਰ੍ਹਾਂ ਦੇ ਅਪਰਾਧ ਫਲੈਟ ‘ਚ ਰਹਿਣ ਵਾਲੇ ਲੋਕਾਂ ਲਈ ਬਹੁਤ ਖ਼ਤਰਨਾਕ ਹਨ।’