ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਵੱਲੋਂ ਰੱਦ ਕੀਤੀ ਜੀ.ਓ.ਜੀ. ਸਕੀਮ ਤੋਂ ਭੜਕੇ ਸਾਬਕਾ ਫੌਜੀਆਂ ਦੇ ਰੋਹ ਦਾ ਸਕੇ ਹਿਮਾਚਲ ਪ੍ਰਦੇਸ਼ ਤੱਕ ਪਹੁੰਚ ਗਿਆ ਹੈ। ਉਥੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਅਤੇ ਚੋਣ ਪ੍ਰਚਾਰ ਲਈ ਪ੍ਰੋਗਰਾਮ ਰੱਖਿਆ ਸੀ ਜੋ ਸਾਬਕਾ ਫੌਜੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਰੱਦ ਕਰਨਾ ਪਿਆ। ਨਾਲਾਗੜ੍ਹ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਰਮਪਾਲ ਚੌਹਾਨ ਦੇ ਹੱਕ ‘ਚ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਰੋਡ ਸ਼ੋਅ ਕਰਨ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਜੋ ਆਖਰੀ ਮੌਕੇ ਰੱਦ ਕਰਨਾ ਪਿਆ। ਉਨ੍ਹਾਂ ਦੀ ਥਾਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ‘ਆਪ’ ਉਮੀਦਵਾਰ ਦੇ ਚੋਣ ਪ੍ਰਚਾਰ ‘ਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵੇਰੇ 10 ਵਜੇ ਨਾਲਾਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜ ਰਹੇ ਧਰਮਪਾਲ ਚੌਹਾਨ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਚੌਕੀਵਾਲਾ ‘ਚ ਪੁੱਜਣਾ ਸੀ। ਇਥੇ ਉਨ੍ਹਾਂ ਵੱਲੋਂ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਰੋਡ ਸ਼ੋਅ ਕੱਢਣਾ ਸੀ, ਪਰ ਮਿੱਥੇ ਸਮੇਂ ਤੋਂ ਪਹਿਲਾਂ ਹੀ ਰੂਪਨਗਰ ਜ਼ਿਲ੍ਹੇ ਦੇ ਜੀ.ਓ.ਜੀ. ਵਾਲੰਟੀਅਰ ਵਿਰੋਧ ਕਰਨ ਲਈ ਮੌਕੇ ‘ਤੇ ਪੁੱਜ ਗਏ। ਉਨ੍ਹਾਂ ਇਕੱਠੇ ਹੋਏ ਲੋਕਾਂ ਨੂੰ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ ਤੇ ਹੁਣ ਹਿਮਾਚਲ ਪ੍ਰਦੇਸ਼ ‘ਚ ਵੀ ਇੰਜ ਹੀ ਹੋਵੇਗਾ। ਇਨ੍ਹਾਂ ਵਾਲੰਟੀਅਰਾਂ ਨੂੰ ਪਹਿਲਾਂ ਹਿਮਾਚਲ ਪੁਲੀਸ ਨੇ ਸਖਤੀ ਨਾਲ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਤਣਾਅ ਵਧਦਾ ਵੇਖ ਕੇ ਪੁਲੀਸ ਨੇ ਸਖਤੀ ਵਰਤਣ ਤੋਂ ਗੁਰੇਜ ਕਰ ਲਿਆ। ‘ਆਪ’ ਉਮੀਦਵਾਰ ਧਰਮਪਾਲ ਚੌਹਾਨ ਦੇ ਹੱਕ ‘ਚ ਅੱਜ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਚੌਕੀਵਾਲਾ ‘ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ‘ਆਪ’ ਉਮੀਦਵਾਰ ਧਰਮਪਾਲ ਚੌਹਾਨ ਨਾਲ ਖੁੱਲ੍ਹੀ ਜੀਪ ‘ਚ ਸਵਾਰ ਹੋ ਕੇ ਹੱਥ ਵਿੱਚ ‘ਝਾੜੂ’ ਲਹਿਰਾਉਂਦੇ ਹੋਏ ਨਾਲਾਗੜ੍ਹ ਤੱਕ ਰੋਡ ਸ਼ੋਅ ਕੱਢਿਆ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ‘ਆਪ’ ਵੱਲੋਂ ਪੰਜਾਬ ਅਤੇ ਹਿਮਾਚਲ ਵਾਸੀਆਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਬਣੀ ਸਰਕਾਰ ਨੇ ਪਹਿਲੇ 6 ਮਹੀਨਿਆਂ ਵਿੱਚ ਹੀ ਕਈ ਵੱਡੇ ਤੇ ਅਹਿਮ ਲੋਕ ਪੱਖੀ ਫੈਸਲੇ ਲਏ ਹਨ। ਉਨ੍ਹਾਂ ਦੀ ਸਰਕਾਰ ਵੱਲੋਂ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਤੇ ਨਸ਼ਾਖੋਰੀ ਵਿਰੁੱਧ ਆਰੰਭੀ ਮੁਹਿੰਮ ਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ।