ਮੋਰਿੰਡਾ ‘ਚ ਟਿੱਪਰ ਅਤੇ ਮੋਟਰ ਸਾਈਕਲ ਦੇ ਹਾਦਸੇ ‘ਚ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਲਾਏ ਧਰਨੇ ਨੇ ਉਸ ਸਮੇਂ ਹੋਰ ਤੂਲ ਫੜ੍ਹ ਲਿਆ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਧਰਨੇ ‘ਚ ਸ਼ਿਕਰਤ ਕਰ ਦਿੱਤੀ। ਉਸੇ ਸਮੇਂ ‘ਆਪ’ ਦੇ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਵੀ ਧਰਨੇ ‘ਚ ਸ਼ਾਮਲ ਹੋ ਗਏ। ਮਾਮਲਾ ਉਦੋਂ ਹੋਰ ਭਖ ਗਿਆ ਜਦੋਂ ਧਰਨੇ ‘ਚ ਹੀ ਇਨ੍ਹਾਂ ਦੋਹਾਂ ਆਗੂਆਂ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ। ਹੋਇਆ ਇੰਝ ਕਿ ਸਬੰਧਤ ਦੁਰਘਟਨਾ ‘ਚ ਮਾਰੇ ਗਏ ਨੌਜਵਾਨ ਦੇ ਵਾਰਿਸਾਂ ਅਤੇ ਹਮਾਇਤੀਆਂ ਨੇ ਹਸਪਤਾਲ ਅੱਗੇ ਬੀਤੀ ਰਾਤ ਤੋਂ ਹੀ ਲਾਸ਼ ਰੱਖ ਕੇ ਧਰਨਾ ਲਾਇਆ ਹੋਇਆ ਸੀ। ਉਨ੍ਹਾ ਦਾ ਦੋਸ਼ ਸੀ ਕਿ ਹਾਦਸੇ ਵੇਲੇ ਵਾਰ-ਵਾਰ ਐਂਬੂਲੈਂਸ ਨੂੰ ਫੋਨ ਕਰਨ ‘ਤੇ ਹਸਪਤਾਲ ਵਾਲਿਆਂ ਨੇ ਐਂਬੂਲੈਂਸ ਨਹੀਂ ਭੇਜੀ। ਜਦੋਂ ਜ਼ਖ਼ਮੀ ਹੋਏ ਨੌਜਵਾਨ ਨੂੰ ਹਸਪਤਾਲ ‘ਚ ਲਿਆਂਦਾ ਤਾਂ ਉਥੇ ਰਾਤ ਦੀ ਡਿਊਟੀ ‘ਤੇ ਕੋਈ ਡਾਕਟਰ ਨਹੀਂ ਸੀ ਅਤੇ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਉਸਦੀ ਮੌਤ ਹੋ ਗਈ। ਧਰਨਾਕਾਰੀ ਲਾਸ਼ ਹਸਪਤਾਲ ਅੱਗ ਰੱਖ ਕੇ ਧਰਨੇ ‘ਤੇ ਬੈਠ ਗਏ। ਉਨ੍ਹਾਂ ਕਿਹਾ ਜਦੋਂ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਰਾਤ ਵੇਲੇ ਡਾਕਟਰ ਮੌਜੂਦ ਨਹੀਂ ਸੀ। ਉਦੋਂ ਅੱਧੀ ਰਾਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਧਰਨੇ ‘ਤੇ ਪੁੱਜ ਗਏ। ਸਵੇਰੇ ਸਾਬਕਾ ਮੁੱਖ ਮੰਤਰੀ ਚੰਨੀ ਫਿਰ ਧਰਨੇ ‘ਤੇ ਪੁੱਜੇ। ਇਸੇ ਦੌਰਾਨ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਵੀ ਧਰਨੇ ‘ਤੇ ਪੁੱਜ ਗਏ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਮ੍ਰਿਤਕ ਦੇ ਵਾਰਿਸਾਂ ਦੀ ਮੰਗ ਅਨੁਸਾਰ ਸਰਕਾਰ ਪਾਸੋਂ 10 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ। ਦੂਜੇ ਪਾਸੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਚੰਨੀ ਸਾਹਿਬ ਤੁਹਾਡੇ ਕਾਰਜਕਾਲ ਦੌਰਾਨ ਕਿੰਨੇ ਹਾਦਸੇ ਹੋਏ ਹਨ, ਤੁਸੀ ਕਿੰਨੇ ਕੁ ਮੁਆਵਜ਼ੇ ਦਿੱਤੇ ਹਨ। ਇਸ ਦੌਰਾਨ ਦੋਵਾਂ ਧੜਿਆਂ ਦਰਮਿਆਨ ਤਿੱਖੀ ਬਹਿਸ ਹੋਣ ਲੱਗ ਪਈ ਹਾਲਾਤ ਝਗੜੇ ਵਾਲੇ ਬਣ ਗਏ। ਇਸ ਨੂੰ ਟਾਲਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲੀਸ ਫੋਰਸ ਨੂੰ ਕਾਫੀ ਜੱਦੋ ਜਹਿਦ ਕਰਨੀ ਪਈ।