ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਸਾਥੀ ਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਵਿਜੀਲੈਂਸ ਦੀ ਟੀਮ ਨੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ’ਤੇ ਟਰੱਸਟ ਦੀ ਪ੍ਰਾਪਰਟੀ ਨੂੰ ਗ਼ਲਤ ਤਰੀਕੇ ਨਾਲ ਵੇਚਣ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਸੁਬਰਾਮਨੀਅਮ ਸਣੇ ਛੇ ਮੁਲਜ਼ਮਾਂ ਖ਼ਿਲਾਫ਼ ਵੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ। ਵਿਜੀਲੈਂਸ ਦੀ ਟੀਮ ਨੇ ਸਾਬਕਾ ਚੇਅਰਮੈਨ ਦੇ ਪੀ.ਏ. ਸੰਦੀਪ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਕਿ ਇਸ ਮਾਮਲੇ ’ਚ ਨਾਮਜ਼ਦ ਈ.ਓÐ ਕੁਲਜੀਤ ਕੌਰ ਤੇ ਸੇਲਜ਼ ਕਲਰਕ ਪ੍ਰਵੀਨ ਕੁਮਾਰ ਪਹਿਲਾਂ ਹੀ ਰਿਸ਼ਵਤ ਲੈਣ ਦੇ ਮਾਮਲੇ ’ਚ ਗ੍ਰਿਫ਼ਤਾਰ ਹਨ। ਇਸ ਮਾਮਲੇ ’ਚ ਰਮਨ ਬਾਲਾ ਸੁਬਰਾਮਨੀਅਮ, ਕਲਰਕ ਗਗਨਦੀਪ ਅਤੇ ਐੱਸ.ਡੀ.ਓ. ਅੰਕਿਤ ਨਾਰੰਗ ਹਾਲੇ ਫ਼ਰਾਰ ਹਨ। ਵਿਜੀਲੈਂਸ ਦੀ ਟੀਮ ਨੇ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਸ਼ੁਰੂ ਕਰ ਦਿੱਤੇ ਹਨ ਤੇ ਪਹਿਲਾਂ ਤੋਂ ਰਿਸ਼ਵਤ ਮਾਮਲੇ ’ਚ ਗ੍ਰਿਫ਼ਤਾਰ ਬਾਕੀ ਤਿੰਨ ਮੁਲਜ਼ਮਾਂ ਨੂੰ ਦੁਬਾਰਾ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ। ਵਿਜੀਲੈਂਸ ਬਿਊਰੋ ਦੀ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਜੇ.ਈ. ਹਰਮੀਤ ਸਿੰਘ ਤੇ ਈ.ਓ. ਕੁਲਜੀਤ ਕੌਰ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ 14 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਕਈ ਘਪਲੇ ਕੀਤੇ ਹਨ। ਇਸ ’ਚ ਸਨਅਤੀ ਸ਼ਹਿਰ ਦੀਆਂ ਕਈ ਪ੍ਰਾਈਮ ਪ੍ਰਾਪਰਟੀਆਂ ਹਨ, ਜੋ ਮੁਲਜ਼ਮਾਂ ਨੇ ਗ਼ਲਤ ਤਰੀਕੇ ਨਾਲ ਅਲਾਟ ਕੀਤੀਆਂ ਹਨ। ਇਨ੍ਹਾਂ ’ਚ ਪਲਾਟ ਨੰਬਰ ਐੱਸ.ਬੀ.ਐੱਸ. ਨਗਰ ਨਗਰ ’ਚ 9-ਬੀ, ਪਲਾਟ ਨੰ. 102, 103, 104, 105, 106-ਡੀ ਰਿਸ਼ੀ ਨਗਰ ਅਤੇ ਪਲਾਟ ਨੰਬਰ 366-ਬੀ, 140 ਸਰਾਭਾ ਨਗਰ ’ਚ ਜੋ ਲੋਕਾਂ ਨੂੰ ਦਿੱਤੇ ਗਏ ਹਨ ਅਤੇ ਟਰੱਸਟ ਦੀਆਂ ਹੋਰ ਯੋਜਨਾਵਾਂ ਦੇ ਤਹਿਤ ਲੋਕਾਂ ਤੋਂ ਵੱਡੀ ਗਿਣਤੀ ’ਚ ਰਿਸ਼ਵਤ ਲਈ ਗਈ ਹੈ। ਜਾਣਕਾਰੀ ਅਨੁਸਾਰ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਅਲਾਟੀਆਂ ਦੀ ਤਾਂ ਮੌਤ ਹੋ ਗਈ ਸੀ ਤੇ ਉਨ੍ਹਾਂ ਦੇ ਪਲਾਟ ਵੀ ਕੁਝ ਲੋਕਾਂ ਨੂੰ ਅਲਾਟ ਕਰ ਦਿੱਤੇ ਗਏ।