ਕਾਂਗਰਸ ਸਰਕਾਰ ਸਮੇਂ ਮੰਤਰੀ ਰਹੇ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਘਰ ਅਤੇ ਹੋਰ ਜਾਇਦਾਦਾਂ ਦਾ ਵਿਜੀਲੈਂਸ ਬਿਊਰੋ ਨੇ ਸਰਵੇ ਕੀਤਾ। ਚੰਡੀਗੜ੍ਹ ਤੋਂ ਆਈ ਟੀਮ ਸਵੇਰ ਤੋਂ ਸ਼ਾਮ ਤੱਕ ਜਾਇਦਾਦਾਂ ਦੀ ਪੈਮਾਇਸ਼ ਕਰਨ ‘ਚ ਲੱਗੀ ਰਹੀ। ਵਿਜੀਲੈਂਸ ਦੇ ਸਥਾਨਕ ਅਧਿਕਾਰੀ ਵੀ ਇਸ ਕਾਰਵਾਈ ‘ਚ ਸ਼ਾਮਲ ਸਨ। ਟੀਮ ਨੇ ਅਰੋੜਾ ਦੀ ਯੋਧਾਮੱਲ ਰੋਡ ਸਥਿਤ ਰਿਹਾਇਸ਼, ਜਲੰਧਰ ਰੋਡ ਅਤੇ ਬਾਈਪਾਸ ‘ਤੇ ਸਥਿਤ ਵਪਾਰਕ ਜਾਇਦਾਦਾਂ ਦਾ ਵੀ ਮੁਲਾਂਕਣ ਕੀਤਾ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀ ਨੂੰ ਕਥਿਤ ਰਿਸ਼ਵਤ ਦੇਣ ਦੇ ਦੋਸ਼ ਹੇਠ ਪਿਛਲੇ ਸਾਲ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ‘ਤੇ ਮੁਹਾਲੀ ‘ਚ ਸਨਅਤੀ ਜ਼ਮੀਨ ਨੂੰ ਟਰਾਂਸਫਰ ਕਰਨ ਦੇ ਮਾਮਲੇ ‘ਚ ਵੀ ਕੇਸ ਦਰਜ ਕੀਤਾ ਹੋਇਆ ਸੀ। ਅਰੋੜਾ ਇਸ ਵੇਲੇ ਨਿਆਂਇਕ ਹਿਰਾਸਤ ‘ਚ ਹਨ ਅਤੇ ਉਹ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ।