ਮੁਹਾਲੀ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਮੰਤਰੀ ਤੇ ਮੌਜੂਦਾ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਲਬੀਰ ਸਿੱਧੂ ‘ਤੇ ਕਾਂਗਰਸ ਸਰਕਾਰ ‘ਚ ਕੈਬਨਿਟ ਮੰਤਰੀ ਹੋਣ ਸਮੇਂ ਮੁਹਾਲੀ ਅਤੇ ਰੂਪਨਗਰ ਜ਼ਿਲ੍ਹੇ ‘ਚ ਆਮਦਨ ਤੋਂ ਵੱਧ ਬਹੁਕਰੋੜੀ ਜ਼ਮੀਨਾਂ ਖ਼੍ਰੀਦਣ ਦਾ ਦੋਸ਼ ਹੈ। ਪੰਜਾਬ ‘ਚ ਸੱਤਾ ਪਰਿਵਰਤਨ ਹੋਣ ਤੋਂ ਬਾਅਦ ਦੋਵੇਂ ਭਰਾ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਉਧਰ ਬਲਬੀਰ ਸਿੱਧੂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਹ ਸਾਰਾ ਕੁਝ ਸਿਆਸੀ ਬਦਲਾਖ਼ੋਰੀ ਦਾ ਨਤੀਜਾ ਹੈ। ਜਾਣਕਾਰੀ ਮੁਤਾਬਕ ਬਲਬੀਰ ਸਿੱਧੂ ਵੱਲੋਂ ਆਪਣੀ ਪਤਨੀ ਅਤੇ ਬੇਟੇ ਦੇ ਨਾਂ ‘ਤੇ ਖਰੀਦੀ ਗਈ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਲਗਜ਼ਰੀ ਗੱਡੀਆਂ ਵੀ ਜਾਂਚ ਦੇ ਘੇਰੇ ‘ਚ ਆ ਗਈਆਂ ਹਨ। ਸਿੱਧੂ ਦੇ ਛੋਟੇ ਭਰਾ ਜੀਤੀ ਸਿੱਧੂ ਦੀ ਮੁਹਾਲੀ ‘ਚ ਰੀਅਲ ਅਸਟੇਟ ਲੈਂਡ ਚੈਸਟਰ ਕੰਪਨੀ ਵੱਲੋਂ ਖਰੀਦੀ ਗਈ 70 ਏਕੜ ਦੀ ਜਾਇਦਾਦ ਅਤੇ ਸਿੱਧੂ ਪਰਿਵਾਰ ‘ਤੇ ਲੱਗੇ ਜ਼ਮੀਨਾਂ ‘ਤੇ ਕਥਿਤ ਨਾਜਾਇਜ਼ ਕਬਜ਼ਿਆਂ ਦੀ ਵੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੱਤਾ ਪਰਿਵਰਤਨ ਤੋਂ ਬਾਅਦ ਹੀ ਸਿੱਧੂ ਪਰਿਵਾਰ ਸੂਬਾ ਸਰਕਾਰ ਦੇ ਨਿਸ਼ਾਨੇ ‘ਤੇ ਆ ਗਿਆ ਸੀ। ਕੁਝ ਸਮਾਂ ਪਹਿਲਾਂ ਹੀ ਸਰਕਾਰ ਨੇ ਪਿੰਡ ਬਲੌਂਗੀ ਸਥਿਤ ਬਾਲ ਗੋਪਾਲ ਗਊਸ਼ਾਲਾ ਦੀ ਜ਼ਮੀਨ ਨੂੰ ਲੈ ਕੇ ਸਿੱਧੂ ਪਰਿਵਾਰ ਨੂੰ ਘੇਰਨ ਅਤੇ ਪੁਲੀਸ ਦੀ ਮਦਦ ਨਾਲ ਗਊਸ਼ਾਲਾ ਵਾਲੀ ਜ਼ਮੀਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪਰ ਸਿੱਧੂ ਅਤੇ ਉਨ੍ਹਾਂ ਦੇ ਸਮਰਥਕਾਂ ਅੱਗੇ ਪੁਲੀਸ ਬੇਵੱਸ ਨਜ਼ਰ ਆਈ। ਬਾਅਦ ‘ਚ ਉੱਚ ਅਦਾਲਤ ਨੇ ਗਊਸ਼ਾਲਾ ਦੇ ਹੱਕ ‘ਚ ਫ਼ੈਸਲਾ ਸੁਣਾਉਂਦਿਆਂ ਅਗਲੇ ਹੁਕਮਾਂ ਤੱਕ ਸਟੇਅ ਆਰਡਰ ਜਾਰੀ ਕੀਤੇ। ਜੀਤੀ ਸਿੱਧੂ 3 ਜਨਵਰੀ ਨੂੰ ਅਮਰੀਕਾ ਤੋਂ ਵਾਪਸ ਪਰਤੇ ਹਨ। ਹਾਲਾਂਕਿ ਉਹ 9 ਜਨਵਰੀ ਤੱਕ ਵਿਦੇਸ਼ ਦੌਰੇ ‘ਤੇ ਸਨ ਪਰ ਸਰਕਾਰ ਦੇ ਤਾਜ਼ਾ ਫ਼ੈਸਲੇ ਕਾਰਨ ਉਨ੍ਹਾਂ ਨੂੰ ਹਫ਼ਤਾ ਪਹਿਲਾਂ ਹੀ ਵਾਪਸ ਆਉਣਾ ਪੈ ਰਿਹਾ ਹੈ। ਸਾਬਕਾ ਸਿਹਤ ਮੰਤਰੀ ਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਇਹ ਸਾਰਾ ਕੁਝ ਸਿਆਸੀ ਬਦਲਾਖ਼ੋਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਹੁਕਮਰਾਨ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਛੋਟੇ ਭਰਾ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਰੱਦ ਕਰ ਕੇ ਮੇਅਰ ਦੇ ਅਹੁਦੇ ਤੋਂ ਹਟਾਇਆ ਗਿਆ ਅਤੇ ਹੁਣ ਉਨ੍ਹਾਂ ਖ਼ਿਲਾਫ਼ ਜਾਂਚ ਖੋਲ੍ਹਣ ਬਾਰੇ ਪਤਾ ਲੱਗਾ ਹੈ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਵਿਜੀਲੈਂਸ ਜਾਂਚ ਸਬੰਧੀ ਕੋਈ ਪੱਤਰ ਨਹੀਂ ਮਿਲਿਆ ਹੈ ਅਤੇ ਨਾ ਹੀ ਸੰਮਨ ਆਦਿ ਤਾਮੀਲ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਵਿਜੀਲੈਂਸ ਜਾਂਚ ਲਈ ਸੱਦੇਗੀ, ਉਹ ਤੱਥਾਂ ਦੇ ਆਧਾਰ ‘ਤੇ ਆਪਣਾ ਪੱਖ ਰੱਖਣਗੇ।