ਕਾਂਗਰਸ ਪਾਰਟੀ ਨਾਲ ਜੁੜੇ ਸਾਬਕਾ ਵਿਧਾਇਕਾਂ ਖ਼ਿਲਾਫ਼ ਇਕ-ਇਕ ਕਰਕੇ ਵਿਜੀਲੈਂਸ ਸ਼ਿਕੰਜਾ ਕੱਸਦੀ ਜਾ ਰਹੀ ਹੈ। ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਖ਼ਿਲਾਫ਼ ਵਿਜੀਲੈਂਸ ਵਿਭਾਗ ਵੱਲੋਂ ਕੇਸ ਦਰਜ ਕਰਕੇ ਲੁੱਕ ਆਊਟ ਸਰਕੁਲਰ ਜਾਰੀ ਕਰਨ ਦੀਆਂ ਖ਼ਬਰਾਂ ਗਰਮ ਸਨ ਕਿ ਹੁਣ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਫਾਰਮ ਹਾਊਸ ‘ਤੇ ਵਿਜੀਲੈਂਸ ਵਿਭਾਗ ਦੀ ਰੇਡ ਦੀ ਖ਼ਬਰ ਸਾਹਮਣੇ ਆ ਰਹੀ ਹੈ। ਵੇਰਵਿਆਂ ਮੁਤਾਬਕ ਕਿੱਕੀ ਢਿੱਲੋਂ ਦੇ ਨਿਊ ਚੰਡੀਗੜ੍ਹ ਸਥਿਤ ਫਾਰਮ ਹਾਊਸ ‘ਤੇ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਵਿਜੀਲੈਂਸ ਦੀ ਟੈਕਨੀਕਲ ਟੀਮ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਇਹ ਛਾਪੇਮਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਦੀ ਟੈਕਨੀਕਲ ਟੀਮ ਸਿਸਵਾਂ ਫਾਰਮ ਨੇੜੇ ਮਾਣਕਪੁਰ ਸ਼ਰੀਫ ‘ਚ ਨਿਰਮਾਣ ਅਧੀਨ ਫਾਰਮ ਹਾਊਸ ਦੀ ਪੈਮਾਇਸ਼ ਕਰ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਸਾਬਕਾ ਵਿਧਾਇਕਾਂ ਅਤੇ ਮੰਤਰੀਆਂ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਵੱਲੋਂ ਹੁਣ ਤੱਕ ਕਈ ਮੰਤਰੀਆਂ ਤੇ ਵਿਧਾਇਕਾਂ ਦੀ ਜਾਂਚ ਸ਼ੁਰੂ ਕਰ ਚੁੱਕੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਕਿੱਕੀ ਢਿੱਲੋਂ ਕਿਸੇ ਸਮੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਜ਼ਦੀਕੀ ਸਾਥੀਆਂ ‘ਚ ਵੀ ਗਿਣੇ ਜਾਂਦੇ ਸਨ।