29 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਦੇ ਗੋਲੀਆਂ ਮਾਰ ਕੇ ਕੀਤੇ ਕਤਲ ’ਚ ਹੁਣ ਇਕ ਹੋਰ ਗੱਲ ਸਾਹਮਣੇ ਆਈ ਹੈ। ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਮਾਨਸਾ ਲਿਆਂਦੇ ਮੁਲਜ਼ਮ ਪ੍ਰਿਆਵਰਤ ਫੌਜੀ ਨੇ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਕੀਤੇ ਹਨ। ਇਸ ਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਗਾਇਕ ਦੀ ਸੁਰੱਖਿਆ ’ਚ ਕੀਤੀ ਗਈ ਕਟੌਤੀ ਦਾ ਫ਼ੈਸਲਾ ਹੀ ਕਤਲ ਦਾ ਮੁੱਖ ਕਾਰਨ ਬਣਿਆ ਹੈ। ਸ਼ੂਟਰ ਪ੍ਰਿਆਵਰਤ ਫੌਜੀ ਦੇ ਮੋਬਾਈਲ ਫੋਨ ਦੀ ਕੀਤੀ ਗਈ ਘੋਖ ਪਡ਼ਤਾਲ ਤੋਂ ਬਾਅਦ ਪੁਲੀਸ ਨੂੰ ਪਤਾ ਲੱਗਿਆ ਹੈ ਕਿ ਜਦੋਂ 28 ਮਈ ਨੂੰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਗਈ ਤਾਂ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾਡ਼ ਨੇ ਪ੍ਰਿਆਵਰਤ ਫੌਜੀ ਨੂੰ ਫੋਨ ਕਰ ਕੇ 29 ਮਈ ਨੂੰ ਹੀ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ ਗਿਆ ਸੀ। ਜਾਣਕਾਰੀ ਮੁਤਾਬਕ ਜਿਉਂ ਹੀ 29 ਮਈ ਨੂੰ ਸਿੱਧੂ ਮੂਸੇਵਾਲਾ ਸ਼ਾਮ ਨੂੰ ਆਪਣੇ ਘਰੋਂ ਨਿਕਲਿਆ ਤਾਂ ਇਸਦੀ ਜਾਣਕਾਰੀ ਸੰਦੀਪ ਉਰਫ਼ ਕੇਕਡ਼ਾ ਨੇ ਫੋਨ ਕਰ ਕੇ ਗੋਲਡੀ ਬਰਾਡ਼ ਨੂੰ ਦੇ ਦਿੱਤੀ ਸੀ। ਗੋਲਡੀ ਬਰਾਡ਼ ਨੇ ਤੁਰੰਤ ਇਹ ਸੂਚਨਾ ਪ੍ਰਿਆਵਰਤ ਫੌਜੀ ਨੂੰ ਦਿੱਤੀ ਤੇ ‘ਕੰਮ ਕਰਨ ਲਈ’ ਨਿਰਦੇਸ਼ ਦਿੱਤਾ। ਥੋਡ਼੍ਹੀ ਦੇਰ ਬਾਅਦ ਹੀ ਘਰ ਤੋਂ ਥੋਡ਼੍ਹੀ ਦੂਰੀ ’ਤੇ ਪਿੰਡ ਜਵਾਹਰਕੇ ਵਿੱਚ ਸਿੱਧੂ ਤੇ ਉਸਦੇ ਦੋ ਸਾਥੀਆਂ ’ਤੇ ਹਮਲਾ ਕੀਤਾ ਗਿਆ ਅਤੇ ਗੋਲੀਆਂ ਲੱਗਣ ਕਾਰਨ ਸ਼ੁਭਦੀਪ ਸਿੰਘ ਸਿੱਧੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਵੀ ਜਾਣਕਾਰੀ ਮਿਲੀ ਹੈ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਤੁਰੰਤ ਪ੍ਰਿਆਵਰਤ ਫੌਜੀ ਨੇ ਹੀ ਗੋਲਡੀ ਬਰਾਡ਼ ਨੂੰ ਦਿੱਤੀ ਸੀ। ਸਿੱਧੂ ਦੇ ਕਤਲ ਤੋਂ ਦੋ ਘੰਟਿਆਂ ਬਾਅਦ ਇਸ ਘਟਨਾ ਦੀ ਜ਼ਿੰਮੇਵਾਰੀ ਗੋਲਡੀ ਬਰਾਡ਼ ਨੇ ਲਈ ਸੀ। ਪੁਲੀਸ ਨੂੰ ਇਹ ਜਾਣਕਾਰੀ ਵੀ ਮਿਲੀ ਹੈ ਕਿ ਸੁਰੱਖਿਆ ਘਟਾਉਣ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਿਆਵਰਤ ਫੌਜੀ ਤੇ ਉਸਦੇ ਸਾਥੀਆਂ ਦੀਆਂ ਗਤੀਵਿਧੀਆਂ ’ਚ ਤੇਜ਼ੀ ਆਈ ਸੀ ਤੇ ਉਨ੍ਹਾਂ ਦਾ ਹੌਸਲਾ ਵਧਿਆ ਸੀ। ਸੁਰੱਖਿਆ ਦੀ ਕਟੌਤੀ ਮਗਰੋਂ ਗੋਲਡੀ ਨੇ ਸਾਰੇ ਸਹਾਇਕਾਂ ਅਤੇ ਸ਼ਾਰਪ ਸ਼ੂਟਰਾਂ ਨੂੰ ਚੌਕਸ ਕਰ ਦਿੱਤਾ ਸੀ ਤੇ ਮੂਸੇਵਾਲਾ ਦੇ ਘਰ ’ਤੇ ਪਲ-ਪਲ ਨਜ਼ਰ ਰੱਖੀ ਜਾਣ ਲੱਗੀ ਸੀ, ਜੋ ਉਸਦੇ ਹਮਲੇ ਤੱਕ ਬਕਾਇਦਾ ਜਾਰੀ ਸੀ। ਪੁਲੀਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ 29 ਮਈ ਨੂੰ ਘਰੋਂ ਬਾਹਰ ਨਹੀਂ ਆਇਆ ਸੀ। ਹਾਲਾਂਕਿ ਜਦੋਂ ਵੀ ਕੋਈ ਪ੍ਰਸ਼ੰਸਕ ਫੋਟੋਆਂ ਲਈ ਉਨ੍ਹਾਂ ਦੇ ਘਰ ਜਾਂਦਾ ਸੀ ਤਾਂ ਮੂਸੇਵਾਲਾ ਉਨ੍ਹਾਂ ਨੂੰ ਜ਼ਰੂਰ ਮਿਲਦਾ ਸੀ। ਇਸ ਕਾਰਨ ਸੰਦੀਪ ਕੇਕਡ਼ਾ ਸਾਥੀ ਬਲਦੇਵ ਨਿੱਕੂ ਨਾਲ ਫੈਨ ਬਣ ਕੇ ਸਿੱਧੂ ਮੂਸੇਵਾਲਾ ਦੇ ਘਰ ਪੁੱਜਿਆ ਸੀ। ਉਸ ਸਮੇਂ ਤੱਕ ਮੂਸੇਵਾਲਾ ਨੂੰ ਘਰ ਅੰਦਰ ਦਾਖਲ ਹੋ ਕੇ ਮਾਰਨ ਦੀ ਵੀ ਯੋਜਨਾ ਸੀ। ਪਰ ਬਾਅਦ ’ਚ ਸਿੱਧੂ ਮੂਸੇਵਾਲਾ ਅਚਾਨਕ ਬਿਨਾਂ ਸੁਰੱਖਿਆ ਦੇ ਆਪਣੀ ਥਾਰ ਗੱਡੀ ’ਚ ਦੋ ਦੋਸਤਾਂ ਨਾਲ ਬਾਹਰ ਆਇਆ ਤੇ ਇਸ ਦੀ ਜਾਣਕਾਰੀ ਮਿਲਣ ’ਤੇ ਹਮਲਾਵਰਾਂ ਨੇ ਰਸਤੇ ’ਚ ਉਸ ’ਤੇ ਹਮਲਾ ਕਰ ਦਿੱਤਾ ਜਿਸ ’ਚ ਗੋਲੀਆਂ ਲੱਗਣ ਨਾਲ ਗਾਇਕ ਦੀ ਮੌਤ ਹੋ ਗਈ।