ਬਟਾਲਾ ਦੇ ਗੱਭਰੂ ਦੀ ਆਖਰ ਸੱਤ ਸਾਲ ਬਾਅਦ ਮੁਹੱਬਤ ਪਰਵਾਨ ਚੜ੍ਹ ਗਈ ਹੈ। ਸ਼ੁੱਕਰਵਾਰ ਨੂੰ ਬਟਾਲਾ ਵਾਸੀ ਨਮਨ ਲੂਥਰਾ ਦਾ ਵਿਆਹ ਲਾਹੌਰ ਦੀ ਸ਼ਹਿਨੀਲ ਨਾਲ ਬਟਾਲਾ ‘ਚ ਭਾਰਤੀ ਰਹੁ ਰੀਤਾਂ ਨਾਲ ਹੋ ਗਿਆ ਹੈ। ਵਿਆਹ ਦੇ ਬੰਧਨ ‘ਚ ਬੱਝੇ ਦੋਵੇਂ ਬਹੁਤ ਖੁਸ਼ ਸਨ। ਜ਼ਿਕਰਯੋਗ ਹੈ ਕਿ ਦੋਵਾਂ ਦੀ ਮੰਗਣੀ ਤਾਂ 7 ਸਾਲ ਪਹਿਲਾਂ ਹੋ ਗਈ ਸੀ, ਪਰ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਦੋਨਾਂ ਦੇ ਵਿਆਹ ਵਿਚਾਲੇ ਕੰਧ ਬਣ ਗਈ ਸੀ। ਪਿਛਲੇ ਚਾਰ ਸਾਲ ਤੋਂ ਇਹ ਦੋਵੇਂ ਅਤੇ ਇਨ੍ਹਾਂ ਦੇ ਪਰਿਵਾਰ ਇਨ੍ਹਾਂ ਦੋਨਾਂ ਦਾ ਵਿਆਹ ਕਰਵਾਉਣ ਲਈ ਵੀਜ਼ੇ ਦੀ ਉਡੀਕ ‘ਚ ਨਜ਼ਰਾਂ ਵਿਛਾ ਕੇ ਬੈਠੇ ਸਨ ਪਰ ਵੀਜ਼ਾ ਨਾ ਮਿਲਣ ਕਾਰਨ ਦੋਵੇਂ ਪਰਿਵਾਰ ਨਿਰਾਸ਼ ਸਨ। ਮਾਰਚ 2023 ‘ਚ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਯਤਨਾਂ ਨਾਲ ਸ਼ਹਿਨੀਲ ਨੂੰ ਵੀਜ਼ਾ ਮਿਲਿਆ ਹੈ। ਦੱਸਣਯੋਗ ਹੈ ਕਿ ਬਟਾਲਾ ਦੇ ਰਹਿਣ ਵਾਲੇ ਪੇਸ਼ੇ ਵਜੋਂ ਵਕੀਲ ਨਮਨ ਲੂਥਰਾ ਪੁੱਤਰ ਗੁਰਿੰਦਰ ਦੇ ਨਾਨਕੇ ਪਾਕਿਸਤਾਨ ਦੇ ਲਾਹੌਰ ‘ਚ ਹਨ ਤੇ ਉਹ ਆਪਣੀ ਮਾਂ ਨਾਲ ਪਹਿਲਾ 2016 ‘ਚ ਪਾਕਿਸਤਾਨ ਲਾਹੌਰ ਆਪਣੇ ਨਾਨਕੇ ਗਿਆ ਸੀ, ਜਿਥੇ ਸ਼ਹਿਨੀਲ ਪੁੱਤਰੀ ਜਾਵੇਦ ਮਸੀਹ ਉਸਨੂੰ ਪਸੰਦ ਆ ਗਈ ਤੇ ਉਸਤੋਂ ਬਾਅਦ ਉਸਨੇ ਆਪਣੇ ਦਿਲ ਦੀ ਗੱਲ ਆਪਣੇ ਪਰਿਵਾਰ ਨਾਲ ਕੀਤੀ ਅਤੇ ਪਰਿਵਾਰ ਨੇ ਸ਼ਹਿਨੀਲ ਦੇ ਪਰਿਵਾਰ ਨਾਲ ਸਾਡੇ ਰਿਸ਼ਤੇ ਦੀ ਗੱਲ ਚਲਾਈ। 2016 ‘ਚ ਦੋਨਾਂ ਦੀ ਮੰਗਣੀ ਹੋ ਗਈ, ਉਸਤੋਂ ਬਾਅਦ ਵਿਆਹ ਕਰਵਾਉਣ ਦੇ ਲਈ ਵੀਜ਼ੇ ਅਪਲਾਈ ਕੀਤੇ ਤਾਂ ਸ਼ਹਿਨੀਲ ਨੂੰ ਵੀਜ਼ਾ ਨਹੀਂ ਮਿਲਿਆ। ਨਮਨ ਨੇ ਦੱਸਿਆ ਕਿ ਦੁਬਾਰਾ ਅਪਲਾਈ ਕੀਤਾ ਤਾਂ ਉਸ ਵੇਲੇ ਕੋਵਿਡ ਕਾਲ ਆ ਗਿਆ ਤੇ ਵੀਜ਼ਾ ਰੁਕ ਗਿਆ ਅਤੇ ਦੁਬਾਰਾ ਦਸੰਬਰ 2021 ਵੀਜ਼ੇ ਲਈ ਸ਼ਹਿਨੀਲ ਦੇ ਪਰਿਵਾਰ ਨੇ ਵੀਜ਼ਾ ਅਪਲਾਈ ਕੀਤਾ, ਪਰ ਫਿਰ ਵੀਜ਼ਾ ਨਹੀਂ ਮਿਲਿਆ। ਉਸਨੇ ਦੱਸਿਆ ਕਿ ਮਈ 2022 ‘ਚ ਫਿਰ ਵੀਜ਼ਾ ਅਪਲਾਈ ਕੀਤਾ, ਉਹ ਵੀ ਰੱਦ ਕਰ ਦਿੱਤਾ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਨਮਨ ਲੂਥਰਾ ਦੀ ਮਾਤਾ ਯੋਗੀਤਾ ਲੂਥਰਾ ਖੁਦ ਪਾਕਿਸਤਾਨ ਲਾਹੌਰ ਤੋਂ ਵਿਆਹ ਕੇ ਭਾਰਤ ਆਈ ਸੀ। ਇਕ ਦਿਲਚਸਪ ਪੱਖ ਹੋਰ ਵੀ ਹੈ ਕਿ ਕਾਦੀਆਂ ਦੇ ਮਕਬੂਲ ਅਹਿਮਦ ਦਾ ਵੀ ਵਿਆਹ ਫ਼ੈਸਲਾਬਾਦ (ਪਾਕਿਸਤਾਨ) ਦੀ ਰਹਿਣ ਵਾਲੀ ਤਾਹਿਰਾ ਮਕਬੂਲ ਨਾਲ ਸਨ 2003 ਵਿੱਚ ਹੋਇਆ ਸੀ ਅਤੇ ਉਦੋਂ ਉਹ ਅੰਤਰ-ਰਾਸ਼ਟਰੀ ਮੀਡੀਆ ਦੇ ਖਿੱਚ ਦਾ ਕੇਂਦਰ ਬਣੇ ਸਨ। ਸ਼ਹਿਨੀਲ ਲਈ ਭਾਰਤ ਦਾ ਵੀਜ਼ਾ ਲੈਣ ਦੇ ਮਾਮਲੇ ‘ਚ ਉਨ੍ਹਾਂ ਕਾਫ਼ੀ ਸਹਿਯੋਗ ਕੀਤਾ ਹੈ। ਸ਼ੁੱਕਰਵਾਰ ਨੂੰ ਨਮਨ ਅਤੇ ਸ਼ਹਿਨੀਲ ਦੇ ਵਿਆਹ ਬੰਧਣ ਸਮੇਂ ਦੇ ਵਿਧਾਇਕ ਅਮਰਸ਼ੇਰ ਸਿੰਘ ਸ਼ੈਰੀ ਕਲਸੀ, ਵਪਾਰ ਮੰਡਲ ਦੇ ਪ੍ਰਧਾਨ ਐਡਵੋਕੇਟ ਭਰਤ ਅਗਰਵਾਲ ਅਤੇ ਹੋਰ ਆਗੂਆਂ ਨੇ ਨਵ ਵਿਆਹੀ ਜੋੜੀ ਅਤੇ ਪਰਿਵਾਰ ਨੂੰ ਵਿਆਹ ਦੀ ਮੁਬਾਰਕਵਾਦ ਦਿੱਤੀ ਹੈ।