ਲੱਖਾਂ ਦੀ ਗਿਣਤੀ ‘ਚ ਹਰ ਸਾਲ ਕੈਨੇਡਾ ਆ ਰਹੇ ਪੰਜਾਬੀ ਸਟੂਡੈਂਟਸ ਅਤੇ ਹੋਰਨਾਂ ਵਿੱਚੋਂ ਕਈ ਅਜਿਹੇ ਕਾਰਨਾਮੇ ਕਰਦੇ ਹਨ ਕਿ ਦੁਨੀਆਂ ਭਰ ‘ਚ ਚਰਚਾ ਛਿੜ ਪੈਂਦੀ ਹੈ। ਬਰੈਂਪਟਨ ‘ਚ 28 ਅਗਸਤ ਵਾਲੇ ਦਿਨ ਸ਼ੈਰੀਡਨ ਕਾਲਜ ਪਲਾਜਾ ‘ਚ ਹੋਈ ਹਿੰਸਕ ਝੜਪ ਦੇ ਮਾਮਲੇ ‘ਚ ਪੀਲ ਰੀਜਨਲ ਪੁਲੀਸ ਵੱਲੋਂ 24 ਸਾਲਾਂ ਦੇ ਨਾਇਗਰਾ ਫਾਲਜ਼ ਵਾਸੀ ਮਨਸ਼ਰਨ ਮੱਲ੍ਹੀ ਦੇ ਗ੍ਰਿਫ਼ਤਾਰੀ ਵਾਰੰਟ ਕੱਢੇ ਗਏ ਹਨ। ਇਸ ਤੋਂ ਇਕ ਦਿਨ ਪਹਿਲਾਂ ਕੱਲ ਹੀ ਪੀਲ ਪੁਲੀਸ ਵੱਲੋਂ ਇਸ ਮਾਮਲੇ ‘ਚ ਵੂਡਸਟੋਕ ਵਾਸੀ ਹਰਜੋਤ ਸਿੰਘ (25) ਦੀ ਗ੍ਰਿਫ਼ਤਾਰੀ ਦਾ ਐਲਾਨ ਵੀ ਕੀਤਾ ਗਿਆ ਸੀ ਜੋ ਟਰੱਕ ਡਰਾਈਵਰ ਹੈ। ਇਸ ਮਾਮਲੇ ‘ਚ ਕੁੱਲ ਇਕ ਜਣੇ ਦੀ ਹੀ ਗ੍ਰਿਫ਼ਤਾਰੀ ਹੋਈ ਹੈ ਤੇ ਦੂਜੇ ਦੇ ਵਾਰੰਟ ਕੱਢੇ ਗਏ ਹਨ ਅਤੇ ਗ੍ਰਿਫ਼ਤਾਰ ਕੀਤੇ ਗਏ ਹਰਜੋਤ ਸਿੰਘ ਦੀ ਕਚਿਹਰੀ ‘ਚ ਪੇਸ਼ੀ ਨਵੰਬਰ ਦੀ ਪਈ ਹੈ। ਇਹ ਮਾਮਲਾ ਹਾਲੇ ਭਖਿਆ ਹੀ ਹੋਇਆ ਸੀ ਕਿ ਹੁਣ ਸਰੀ ਤੋਂ ਅਜਿਹੀ ਮਾੜੀ ਖ਼ਬਰ ਆਈ ਹੈ। ਉਥੇ 40 ਦੇ ਕਰੀਬ ਪੰਜਾਬੀ ਨੌਜਵਾਨਾਂ, ਜਿਨ੍ਹਾਂ ‘ਚ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟ ਸਨ, ਨੇ ਇਕ ਪੁਲੀਸ ਅਧਿਕਾਰੀ ਘੇਰ ਲਿਆ। ਇਸ ਮਾਮਲੇ ‘ਚ ਹੁਣ ਇਹ ਸਾਰੇ ਕਸੂਤੇ ਫਸ ਗਏ ਹਨ। ਇਹ ਗੱਲ ਵੱਖਰੀ ਹੈ ਕਿ ਘੇਰਿਆ ਗਿਆ ਪੁਲੀਸ ਕਾਂਸਟੇਬਲ ਵੀ ਪੰਜਾਬੀ ਮੂਲ ਦਾ ਹੈ। ਵੇਰਵਿਆਂ ਮੁਤਾਬਕ 40 ਪੰਜਾਬੀ ਨੌਜਵਾਨਾਂ ਨੇ ਸਰੀ ‘ਚ ਪੁਲੀਸ ਅਧਿਕਾਰੀ ਨੂੰ ਡਿਊਟੀ ਦੌਰਾਨ ਘੇਰ ਲਿਆ ਜਿਸ ਕਾਰਨ ਇਹ ਨੌਜਵਾਨ ਗੰਭੀਰ ਮਾਮਲੇ ‘ਚ ਫਸ ਗਏ ਹਨ। ਪੁਲੀਸ ਕਾਂਸਟੇਬਲ ਸਰਬਜੀਤ ਸੰਘਾ ਨੇ ਕਿਹਾ ਕਿ ਨੌਜਵਾਨਾਂ ਦੀ ਟੋਲੀ ਸੜਕ ‘ਤੇ ਹੁੱਲੜਬਾਜ਼ੀ ਕਰ ਰਹੀ ਸੀ। ਇਕ ਕਾਰ ਨੂੰ ਉਸ ਸਮੇਂ ਰੋਕਿਆ ਗਿਆ ਜਦੋਂ ਉਸ ‘ਚ ਸਟ੍ਰਾਬੇਰੀ ਹਿੱਲ ਪਲਾਜ਼ਾ 72 ਐਵੇਨਿਊ ਦੇ ਆਲੇ ਦੁਆਲੇ ਤਿੰਨ ਘੰਟੇ ਤੱਕ ਉੱਚੀ ਆਵਾਜ਼ ‘ਚ ਡੈੱਕ ਵਜਾਇਆ ਜਾ ਰਿਹਾ ਸੀ। ਪੁਲੀਸ ਅਧਿਕਾਰੀ ਨੇ ਕਾਰ ‘ਚ ਡੈੱਕ ਵਜਾਉਤ ਤੋਂ ਰੋਕਣ ਲਈ ਸਵਾਰਾਂ ਨੂੰ ਨੋਟਿਸ ਦਿੱਤਾ। ਇਸ ‘ਤੇ ਨੌਜਵਾਨਾਂ ਨੇ ਪੁਲੀਸ ਅਧਿਕਾਰ ਨੂੰ ਘਰੇ ਲਿਆ ਤੇ ਉਸ ਦੀ ਲਾਹ-ਪਾਹ ਕੀਤੀ। ਸਰਬਜੀਤ ਸੰਘਾ ਨੇ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਅਤੇ ਵਿਕਾਸ ‘ਚ ਵੱਡਾ ਯੋਗਦਾਨ ਪਾਇਆ ਹੈ ਪਰ ਕੁਝ ਤੱਤ ਮੁਸੀਬਤ ਪੈਦਾ ਕਰ ਰਹੇ ਹਨ। ਵੀਡੀਓ ਰਿਕਾਰਡਿੰਗ ‘ਚ 40 ਨੌਜਵਾਨਾਂ ਨੂੰ ਦਿਖਾਇਆ ਗਿਆ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਅਤੇ ਸੈਲਾਨੀ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਦੀ ਸ਼ਨਾਖਤ ਕਰਨ ਤੋਂ ਬਾਅਦ ਇਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ ਅਤੇ ਕੇਸ ਚਲਾਉਣ ਤੋਂ ਬਾਅਦ ਇਨ੍ਹਾਂ ਨੂੰ ਡਿਪੋਰਟ ਕਰਨ ਦੀ ਨੌਬਤ ਵੀ ਆ ਸਕਦੀ ਹੈ।