ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਤੇ ਇਕ ਰੈਸਟੋਰੈਂਟ ‘ਚ ਐਤਵਾਰ ਵੱਡੇ ਤੜਕੇ ਧਮਾਕਾ ਹੋਣ ਨਾਲ ਹਫੜਾ-ਦਫੜੀ ਮਚ ਗਈ। ਧਮਾਕੇ ਕਾਰਨ ਘਬਰਾਏ ਲੋਕ ਏਧਰ-ਓਧਰ ਭੱਜਣੇ ਸ਼ੁਰੂ ਹੋ ਗਏ ਤਾਂ ਕੁਝ ਇਕ ਨੂੰ ਸੱਟਾਂ ਵੀ ਲੱਗੀਆਂ ਤੇ ਉਹ ਜ਼ਖਮੀ ਹੋ ਗਏ। ਘਟਨਾ ਤੋਂ ਫੌਰੀ ਬਾਅਦ ਮੌਕੇ ‘ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪੁਲੀਸ ਫੋਰਸ ਮੌਕੇ ‘ਤੇ ਪਹੁੰਚੀ ਜਿਸ ‘ਚ ਕਈ ਪੁਲੀਸ ਅਧਿਕਾਰੀ ਵੀ ਸ਼ਾਮਲ ਸਨ। ਧਮਾਕੇ ਕਾਰਨ ਰੈਸਟੋਰੈਂਟ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਤੋਂ ਇਲਾਵਾ ਸਾਰਾਗੜ੍ਹੀ ਸਰਾਂ ਦੀਆਂ ਖਿੜਕੀਆਂ ਨੂੰ ਨੁਕਸਾਨ ਪੁੱਜਣ ਦੀ ਵੀ ਸੂਚਨਾ ਹੈ। ਮੌਕੇ ਦੇ ਗਵਾਹਾਂ ਮੁਤਾਬਕ ਜ਼ੋਰਦਾਰ ਧਮਾਕਾ ਹੁੰਦੇ ਹੀ ਘਬਰਾਏ ਲੋਕ ਭੱਜਣੇ ਸ਼ੁਰੂ ਹੋ ਗਏ ਅਤੇ ਕਈ ਜ਼ਖਮੀ ਹੋ ਗਏ। ਬਾਅਦ ‘ਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਰੈਸਟੋਰੈਂਟ ਦੀ ਚਿਮਨੀ ‘ਚ ਗੈਸ ਜਮ੍ਹਾ ਹੋਣ ਕਾਰਨ ਧਮਾਕਾ ਹੋਇਆ ਹੈ। ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ‘ਚ ਸੋਨੂੰ ਰਾਜਪੂਤ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਹੈ। ਘਟਨਾ ਸਮੇਂ ਉਹ ਹੈਰੀਟੇਜ ਸਟਰੀਟ ‘ਚ ਸੌਂ ਰਿਹਾ ਸੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹੈਰੀਟੇਜ ਸਟਰੀਟ ‘ਚ ਸੈਲਾਨੀਆਂ ਅਤੇ ਸ਼ਰਧਾਲੂਆਂ ਦੀ ਕਾਫੀ ਭੀੜ ਸੀ। ਪਾਰਕਿੰਗ ਕੋਲ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ। ਨੇੜੇ ਹੀ ਬਾਂਸਲ ਸਵੀਟਸ ਨਾਮ ਦਾ ਇਕ ਰੈਸਟੋਰੈਂਟ ਹੈ। ਅਚਾਨਕ ਉਸਦੀ ਚਿਮਨੀ ‘ਚ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਉਥੇ ਕੁਝ ਲੋਕ ਫੁੱਟਪਾਥ ‘ਤੇ ਆਰਾਮ ਕਰ ਰਹੇ ਸਨ। ਸੋਨੂੰ ਰਾਜਪੂਤ ਦੀ ਲੱਤ ‘ਤੇ ਸੱਟ ਲੱਗੀ ਹੈ। ਇਕ ਮੌਕੇ ਦੇ ਗਵਾਹ ਮੁਤਾਬਕ ਇਹ ਧਮਾਕਾ ਸਾਰਾਗੜ੍ਹੀ ਸਰਾਂ ਦੇ ਸਾਹਮਣੇ ਪਾਰਕਿੰਗ ਕੋਲ ਹੋਇਆ। ਧਮਾਕੇ ਨਾਲ ਨੇੜਲੇ ਰੈਸਟੋਰੈਂਟ ਅਤੇ ਸਾਰਾਗੜ੍ਹੀ ਸਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਜਿਸ ਨਾਲ ਹੈਰੀਟੇਜ ਸਟਰੀਟ ‘ਤੇ ਜਾ ਰਹੇ ਲੋਕ ਜ਼ਖਮੀ ਹੋ ਗਏ। ਵਧੀਕ ਡਿਪਟੀ ਕਮਿਸ਼ਨਰ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਘਟਨਾ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮਾਂ ਧਮਾਕੇ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਹੀ ਚਕਨਾਚੂਰ ਹੋਏ ਹਨ ਜਦੋਂਕਿ ਇਮਾਰਤਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।