ਸਲਾਮੀ ਬੱਲੇਬਾਜ਼ਾਂ ਦੀ ਸ਼ਾਨਦਾਰ ਪਾਰੀ ਸਦਕਾ ਰਾਇਲ ਚੈਲੰਜਰ ਬੈਂਗਲੁਰੂ ਦੀ ਟੀਮ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਸ਼ਿਕਸਤ ਦਿੱਤੀ ਹੈ। ਨਿਰਧਾਰਤ 20 ਓਵਰਾਂ ‘ਚ 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਬੈਂਗਲੁਰੂ ਦੀ ਟੀਮ ਵੱਲੋਂ ਸਲਾਮੀ ਬੱਲੇਬਾਜ਼ਾਂ ਸੋਫੀ ਡਿਵਾਈਨ ਅਤੇ ਕਪਤਾਨ ਸਮ੍ਰਿਤੀ ਮੰਧਾਨਾ ਨੇ 125 ਦੌੜਾਂ ਦੀ ਸਾਂਝੇਦਾਰੀ ਕਰ ਕੇ ਮੈਚ ਦਾ ਰੁਖ ਆਪਣੇ ਵੱਲ ਕਰ ਲਿਆ। ਦੋਹਾਂ ਸਲਾਮੀ ਬੱਲੇਬਾਜ਼ਾਂ ਨੇ 10 ਓਵਰਾਂ ਤੋਂ ਵੀ ਪਹਿਲਾਂ 125 ਦੌੜਾਂ ਬਿਨਾਂ ਕਿਸੇ ਨੁਕਸਾਨ ਦੇ ਜੋੜ ਲਈਆਂ ਸਨ। ਕਪਤਾਨ ਸਮ੍ਰਿਤੀ ਮੰਧਾਨਾ 10ਵੇਂ ਓਵਰ ‘ਚ 37 ਦੌੜਾਂ ਦੀ ਪਾਰੀ ਖੇਡ ਕੇ ਪਵੇਲੀਅਨ ਪਰਤੀ ਤੇ ਸੋਫ਼ੀ ਡਿਵਾਈਨ ਇਕ ਦੌੜ ਤੋਂ ਆਪਣੇ ਸੈਂਕੜੇ ਤੋਂ ਖੁੰਝ ਗਈ ਤੇ 157 ਦੌੜਾਂ ‘ਤੇ ਆਰ.ਸੀ.ਬੀ. ਨੂੰ ਦੂਜਾ ਝਟਕਾ ਲੱਗਿਆ। ਫਿਰ ਐਲੀਸ ਪੇਰੀ ਤੇ ਹੀਥਰ ਨਾਈਟ ਨੇ ਸਮਝਦਾਰੀ ਨਾਲ ਪਾਰੀ ਨੂੰ ਅੱਗੇ ਤੋਰਦਿਆਂ ਅਜੇਤੂ ਪਾਰੀਆਂ ਨਾਲ ਟੀਮ ਨੂੰ ਜਿੱਤ ਦੀ ਦਹਿਲੀਜ਼ ਪਾਰ ਕਰਵਾਈ। ਬੈਂਗਲੁਰੂ ਨੇ 15.3 ਓਵਰਾਂ ‘ਚ ਹੀ ਇਹ ਟੀਚਾ ਹਾਸਲ ਕਰ ਲਿਆ। ਇਸ ਦੌਰਾਨ 36 ਗੇਂਦਾਂ ‘ਚ 8 ਛੱਕਿਆਂ ਤੇ 9 ਚੌਕਿਆਂ ਸਦਕਾ 99 ਦੌੜਾਂ ਦੀ ਤੂਫ਼ਾਨੀ ਖੇਡਣ ਵਾਲੀ ਸੋਫ਼ੀ ਡਿਵਾਈਨ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਲੌਰਾ ਵੋਲਵਾਰਡ (68) ਅਤੇ ਐਸ਼ਲੇ ਗਾਰਡਨਰ (41) ਦੀਆਂ ਪਾਰੀਆਂ ਸਦਕਾ ਗੁਜਰਾਤ ਜਾਇੰਟਸ ਨੇ 4 ਵਿਕਟਾਂ ਗੁਆ ਕੇ ਨਿਰਧਾਰਿਤ 20 ਓਵਰਾਂ ‘ਚ 188 ਦੌੜਾਂ ਬਣਾਈਆਂ ਸਨ। ਬੈਂਗਲੁਰੂ ਵੱਲੋਂ ਸ਼੍ਰੇਅੰਕਾ ਪਾਟਿਲ ਨੇ 2, ਸੋਫੀ ਡਿਵਾਈਨ ਤੇ ਪ੍ਰੀਤੀ ਬੋਸ ਨੇ 1-1 ਵਿਕਟ ਹਾਸਲ ਕੀਤੀ।