ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮਟ ਪਹਿਨਣ ਦੀ ਤਜਵੀਜ਼ ਸਬੰਧੀ ਉੱਠੇ ਵਿਵਾਦ ਮਗਰੋਂ ਕੇਂਦਰ ਸਰਕਾਰ ਨੇ ਕਿਹਾ ਕਿ ਸੰਵੇਦਨਸ਼ੀਲ ਥਾਵਾਂ ‘ਤੇ ਤਾਇਨਾਤ ਜਵਾਨਾਂ ਨੂੰ ਆਪਣੇ ਬਚਾਅ ਲਈ ਇਹ ਹੈਲਮਟ ਪਹਿਨਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੇ ਸਾਰੇ ਪਾਇਲਟ ਅਤੇ ਜਵਾਨ ਉਨ੍ਹਾਂ ਖੇਤਰਾਂ ‘ਚ ਤਾਇਨਾਤ ਹਨ ਜਿੱਥੇ ਦੁਸ਼ਮਣਾਂ ਦੇ ਹਮਲਿਆਂ ਦੀ ਸੰਭਾਵਨਾ ਹੈ ਜਾਂ ਉਹ ਮਹੱਤਵਪੂਰਨ ਥਾਵਾਂ ਦੀ ਸੁਰੱਖਿਆ ਕਰ ਰਹੇ ਹਨ। ਇਸ ਲਈ ਉਨ੍ਹਾਂ ਦੀ ਨਿੱਜੀ ਸੁਰੱਖਿਆ ਲਈ ਬੁਲੇਟ ਪਰੂਫ ਹੈਲਮਟ ਪਾਉਣਾ ਲਾਜ਼ਮੀ ਹੈ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਲੋਕ ਸਭਾ ‘ਚ ਪੁੱਛੇ ਗਏ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਇਹ ਗੱਲ ਆਖੀ। ਉਨ੍ਹਾਂ ਸਵਾਲ ਕੀਤਾ ਸੀ ਕਿ ਕੀ ਸਰਕਾਰ ਦੀ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮਟ ਪਹਿਨਣਾ ਲਾਜ਼ਮੀ ਕਰਨ ਦੀ ਤਜਵੀਜ਼ ਹੈ। ਇਸ ‘ਤੇ ਭੱਟ ਨੇ ਕਿਹਾ, ‘ਅੱਤਵਾਦ ਨਾਲ ਜੂਝ ਰਹੇ ਸਿੱਖ ਫੌਜੀ ਆਪਣੀ ਧਾਰਮਿਕ ਪਛਾਣ ਤੇ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਪਟਕੇ ਉਪਰ ਬੁਲੇਟ ਪਰੂਫ ਪਟਕਾ ਪਹਿਨਦੇ ਹਨ। ਟੈਂਕ ਦੇ ਹਥਿਆਰਬੰਦ ਸੈਨਿਕ ਵੀ ਵਿਸ਼ੇਸ਼ ਤਰ੍ਹਾਂ ਦਾ ਹੈਲਮਟ ਪਹਿਨਦੇ ਹਨ ਜਿਨ੍ਹਾਂ ‘ਚ ਸੰਚਾਰ ਵਾਲੇ ਯੰਤਰ ਲੱਗੇ ਹੁੰਦੇ ਹਨ।’ ਉਨ੍ਹਾਂ ਕਿਹਾ ਕਿ ਰੱਖਿਆ ਡਿਊਟੀ ‘ਤੇ ਤਾਇਨਾਤ ਜਵਾਨਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਜਵਾਨਾਂ ਨੂੰ ਜੰਗ ਦੇ ਨਵੇਂ ਅਤੇ ਉੱਭਰ ਰਹੇ ਖ਼ਤਰਿਆਂ ਤੋਂ ਚੌਤਰਫ਼ਾ ਸੁਰੱਖਿਆ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਵਾਨਾਂ ਨੂੰ ਚੁਣੌਤੀਪੂਰਨ ਸਥਿਤੀਆਂ ਦਾ ਸਾਹਮਣਾ ਕਰਨ ਲਈ ਬੁਲੇਟ ਪਰੂਫ ਜੈਕੇਟ ਅਤੇ ਹੈਲਮਟ ਸਮੇਤ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਰੱਖਿਆ ਲਈ ਤਾਇਨਾਤ ਸਿਪਾਹੀਆਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਹੈਲਮਟ ਲੜਾਕੂ ਜਹਾਜ਼ਾਂ ਦੇ ਅਮਲੇ ਦਾ ਅਨਿੱਖੜਵਾਂ ਅੰਗ ਹਨ, ਜੋ ਜਵਾਨਾਂ ਨੂੰ ਦੁਸ਼ਮਣਾਂ ਦੀ ਗੋਲੀਬਾਰੀ ਤੋਂ ਬਚਾਉਂਦੇ ਹਨ। ਭਾਰਤੀ ਫੌਜ ਦੇ ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੇ ਪਾਇਲਟ ਹਮੇਸ਼ਾ ਆਪਣੇ ਧਾਰਮਿਕ ਅਕੀਦਿਆਂ ਨੂੰ ਕਾਇਮ ਰੱਖਦੇ ਹੋਏ ਹੈਲਮਟ ਪਹਿਨਦੇ ਹਨ। ਜ਼ਿਕਰਯੋਗ ਹੈ ਕਿ ਰੱਖਿਆ ਮੰਤਰਾਲੇ ਨੇ ਇਸ ਸਾਲ ਦੇ ਸ਼ੁਰੂ ‘ਚ ਸਿੱਖ ਫੌਜੀਆਂ ਲਈ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੇ ਬੁਲੇਟ ਪਰੂਫ ਹੈਲਮਟ ਖ਼ਰੀਦਣ ਦੀ ਤਜਵੀਜ਼ ਸਬੰਧੀ ਨੋਟਿਸ ਜਾਰੀ ਕੀਤਾ ਸੀ।