‘ਭਾਰਤ ਜੋੜੋ ਯਾਤਰਾ’ ਦੇ ਹਿਮਾਚਲ ਪ੍ਰਦੇਸ਼ ‘ਚ ਦਾਖਲ ਹੋਣ ਤੋਂ ਪਹਿਲਾਂ ਹੁਸ਼ਿਆਰਪੁਰ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰ.ਐੱਸ.ਐੱਸ. ਉੱਤੇ ਦੇਸ਼ ਦੇ ਮੀਡੀਆ, ਚੋਣ ਕਮਿਸ਼ਨ ਅਤੇ ਨਿਆਂਪਾਲਿਕਾ ‘ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਨੌਕਰਸ਼ਾਹੀ ਅਤੇ ਨਿਆਂਪਾਲਿਕਾ ਸਰਕਾਰ ਦੇ ਦਬਾਅ ਅਧੀਨ ਕੰਮ ਕਰ ਰਹੀ ਹੈ। ਸੀ.ਬੀ.ਆਈ. ਅਤੇ ਈ.ਡੀ. ਵਰਗੀਆਂ ਨਿਰਪੱਖ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ‘ਭਾਰਤ ਜੋੜੋ ਯਾਤਰਾ’ ਇਨ੍ਹਾਂ ਸੰਸਥਾਵਾਂ ਨੂੰ ਅਜ਼ਾਦ ਕਰਾਉਣ ਦੀ ਲੜਾਈ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕੋਈ ਉਨ੍ਹਾਂ ਦਾ ਗਲਾ ਵੀ ਵੱਢ ਦੇਵੇ ਤਾਂ ਵੀ ਉਹ ਆਰ.ਐੱਸ.ਐੱਸ. ਦੇ ਦਫ਼ਤਰ ਨਹੀਂ ਜਾਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੀਆਂ ਧਰਮ-ਨਿਰਪੱਖ ਤੇ ਆਜ਼ਾਦ ਸੰਵਿਧਾਨਕ ਸੰਸਥਾਵਾਂ ਅਤੇ ਮੀਡੀਆ ਹਾਊਸਾਂ ਉੱਤੇ ਭਾਜਪਾ ਤੇ ਆਰ.ਐੱਸ.ਐੱਸ. ਦਾ ਕਬਜ਼ਾ ਹੈ। ਦੇਸ਼ ਦਾ ਮੀਡੀਆ, ਨੌਕਰਸ਼ਾਹੀ, ਚੋਣ ਕਮਿਸ਼ਨ ਅਤੇ ਨਿਆਂਪਾਲਿਕਾ ਦਬਾਅ ਹੇਠ ਕੰਮ ਕਰ ਰਹੀ ਹੈ। ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ, ‘ਇਹ ਦੋ ਸਿਆਸੀ ਪਾਰਟੀਆਂ ਦਰਮਿਆਨ ਲੜਾਈ ਨਹੀਂ ਹੈ। ਇਹ ਸੰਸਥਾਵਾਂ ‘ਤੇ ਕਬਜ਼ਾ ਕਰਨ ਖ਼ਿਲਾਫ਼ ਸਰਕਾਰ ਤੇ ਵਿਰੋਧੀ ਧਿਰਾਂ ਦਰਮਿਆਨ ਲੜਾਈ ਹੈ। ਇਨ੍ਹਾਂ ਵਿੱਚੋਂ ਇਕ ਕਾਰਕ ਈ.ਵੀ.ਐੱਮ. ਵੀ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਆਮ ਜਮਹੂਰੀ ਅਮਲ ਹੁਣ ਦੇਸ਼ ਵਿੱਚੋਂ ‘ਗਾਇਬ’ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਆਰਥਿਕ ਤੰਗੀ, ਬੇਰੁਜ਼ਗਾਰੀ ਤੇ ਮਹਿੰਗਾਈ ਆਉਂਦੇ ਦਿਨਾਂ ‘ਚ ਭਾਜਪਾ ਨੂੰ ਵੱਡੀ ਸੱਟ ਮਾਰਨਗੇ। ਇਕ ਸਵਾਲ ਦੇ ਜਵਾਬ ‘ਚ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੇ ਚਚੇਰੇ ਭਰਾ ਤੇ ਭਾਜਪਾ ਆਗੂ ਵਰੁਣ ਗਾਂਧੀ ਦੀ ਵਿਚਾਰਧਾਰਾ ਕਾਂਗਰਸ ਨਾਲ ਮੇਲ ਨਹੀਂ ਖਾਂਦੀ। ਵਰੁਣ ਗਾਂਧੀ ਨੇ ਆਰ.ਐੱਸ.ਐੱਸ. ਦੀ ਵਿਚਾਰਧਾਰਾ ਨੂੰ ਅਪਣਾ ਲਿਆ ਹੈ, ਪਰ ਉਨ੍ਹਾਂ ਦਾ ਭਾਵੇਂ ਸੰਘ ਵੱਢ ਦਿਉ ਉਹ ਆਰ.ਐੱਸ.ਐੱਸ. ਦੇ ਦਫ਼ਤਰ ਨਹੀਂ ਜਾ ਸਕਦੇ। ਅਯੁੱਧਿਆ ‘ਚ ਬਣ ਰਹੇ ਰਾਮ ਮੰਦਰ ਨੂੰ ਅਗਲੇ ਸਾਲ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਲੋਕਾਂ ਲਈ ਖੋਲ੍ਹ ਦਿੱਤੇ ਜਾਣ ਦੇ ਸਬੰਧ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨਫ਼ਰਤ ਫੈਲਾਉਂਦੀ ਹੈ ਅਤੇ ਸਮਾਜ ਨੂੰ ਵੰਡਣ ਦਾ ਕੰਮ ਕਰਦੀ ਹੈ। ਆਰ.ਐੱਸ.ਐੱਸ. ਆਗੂ ਮੋਹਨ ਭਾਗਵਤ ਬਾਰੇ ਉਨ੍ਹਾਂ ਕਿਹਾ ਕਿ ਹਿੰਦੂ ਧਰਮ ਕਿਸੇ ਤਰ੍ਹਾਂ ਦੀ ਵੀ ਨਫ਼ਰਤ ਫੈਲਾਉਣ ਜਾਂ ਕਿਸੇ ਨੂੰ ਡਰਾਉਣ ਧਮਕਾਉਣ ਦੀ ਆਗਿਆ ਨਹੀਂ ਦਿੰਦਾ, ਪਰ ਜੋ ਹਿੰਦੂ ਧਰਮ ‘ਚ ਲਿਖਿਆ ਹੈ, ਉਸ ‘ਤੇ ਆਰ.ਐੱਸ.ਐੱਸ. ਅਮਲ ਨਹੀਂ ਕਰਦੀ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਦੇਸ਼ ਦੇ 20 ਕਰੋੜ ਗਰੀਬ ਲੋਕਾਂ ਨੂੰ ਵੱਖ ਵੱਖ ਸਕੀਮਾਂ ਰਾਹੀਂ ਗੁਰਬਤ ‘ਚੋਂ ਬਾਹਰ ਕੱਢਿਆ, ਪਰ ਦੇਸ਼ ‘ਤੇ ਕਾਬਜ਼ ਹੋਈ ਭਾਜਪਾ ਨੇ ਮੁੜ ਇਨ੍ਹਾਂ ਨੂੰ ਗਰੀਬੀ ਵੱਲ ਧੱਕ ਦਿੱਤਾ। ਇਸ ਸਮੇਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਇੰਚਾਰਜ ਹਰੀਸ਼ ਚੌਧਰੀ, ਕੌਮੀ ਬੁਲਾਰਾ ਪਵਨ ਖੇੜਾ ਮੌਜੂਦ ਸਨ।