ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਾਵਰਕਰ ਅਤੇ ਆਰ.ਐੱਸ.ਐੱਸ. ਨੂੰ ਲੈ ਕੇ ਵੱਡਾ ਹਮਲਾ ਬੋਲਿਆ ਹੈ। ਕਰਨਾਟਕ ‘ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਪਾਰਟੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸਾਵਰਕਰ ਆਜ਼ਾਦੀ ਦੇ ਸੰਗਰਾਮ ਦੌਰਾਨ ਬਰਤਾਨਵੀ ਸਾਮਰਾਜ ਲਈ ਕੰਮ ਕਰਦੇ ਰਹੇ ਤੇ ਬਦਲੇ ‘ਚ ਪੈਸੇ ਲੈਂਦੇ ਰਹੇ। ਕਾਂਗਰਸ ਆਗੂ ਨੇ ਨਾਲ ਹੀ ਦੋਸ਼ ਲਾਇਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਵੀ ਬ੍ਰਿਟਿਸ਼ ਰਾਜ ਦੀ ਹਮਾਇਤ ਕੀਤੀ ਸੀ। ਗਾਂਧੀ ਨੇ ਇਹ ਟਿੱਪਣੀਆਂ ਸ਼ਨਿਚਰਵਾਰ ਕੀਤੀਆਂ ਤੇ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਖ਼ਿਲਾਫ਼ ਸੰਘਰਸ਼ ‘ਚ ਯਕੀਨ ਰੱਖਦੀ ਹੈ ਜੋ ਨਫ਼ਰਤ ਫੈਲਾਉਂਦੇ ਹਨ। ਰਾਹੁਲ ਗਾਂਧੀ ਨੇ ਕਿਹਾ, ‘ਮੈਂ ਹਮੇਸ਼ਾ ਇਕ ਵਿਸ਼ੇਸ਼ ਵਿਚਾਰ ਲਈ ਖੜ੍ਹਾ ਰਿਹਾ ਹਾਂ, ਇਹੀ ਭਾਜਪਾ ਤੇ ਆਰ.ਐੱਸ.ਐੱਸ. ਨੂੰ ਚੁਭਦਾ ਹੈ। ਮੇਰੀ ਇਕ ਖਾਸ ਤਰ੍ਹਾਂ ਦੀ ਪਛਾਣ ਲੋਕਾਂ ਸਾਹਮਣੇ ਘੜਨ ਲਈ ਕਰੋੜਾਂ ਰੁਪਏ ਮੀਡੀਆ ਉਤੇ ਖ਼ਰਚੇ ਗਏ ਹਨ, ਊਰਜਾ ਲਾਈ ਗਈ ਹੈ, ਪਰ ਇਹ ਸਭ ਗਲਤ ਤੇ ਝੂਠਾ ਹੈ। ਇਹ ਅੱਗੋਂ ਵੀ ਜਾਰੀ ਰਹੇਗਾ ਕਿਉਂਕਿ ਕੂੜ ਪ੍ਰਚਾਰ ਕਰ ਰਹੀ ਮਸ਼ੀਨਰੀ ਵਿੱਤੀ ਤੌਰ ‘ਤੇ ਮਜ਼ਬੂਤ ਹੈ ਤੇ ਇਸ ਨੂੰ ਲਗਾਤਾਰ ਤੇਲ ਦਿੱਤਾ ਜਾ ਰਿਹਾ ਹੈ।’ ਜ਼ਿਕਰਯੋਗ ਹੈ ਕਿ ਕਾਂਗਰਸ ਦਾਅਵਾ ਕਰਦੀ ਹੈ ਕਿ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਭਾਜਪਾ ਵੱਲੋਂ ਕੀਤੀ ਜਾ ਰਹੀ ਵੰਡਪਾਊ ਸਿਆਸਤ ਦੇ ਖ਼ਿਲਾਫ਼ ਹੈ। ਕਾਂਗਰਸ ਮੁਤਾਬਕ ਉਹ ਲੋਕਾਂ ਨੂੰ ਆਰਥਿਕ ਨਾ-ਬਰਾਬਰੀ, ਸਮਾਜਿਕ ਧਰੁਵੀਕਰਨ ਤੇ ਸਿਆਸੀ ਕੇਂਦਰੀਕਰਨ ਬਾਰੇ ਜਾਗਰੂਕ ਕਰ ਰਹੇ ਹਨ। ਯਾਤਰਾ ਇਸ ਵੇਲੇ ਕਰਨਾਟਕ ਵਿੱਚੋਂ ਗੁਜ਼ਰ ਰਹੀ ਹੈ ਤੇ ਸ਼ੁਰੂ ਹੋਈ ਨੂੰ 31 ਦਿਨ ਹੋ ਚੁੱਕੇ ਹਨ। ਰਾਹੁਲ ਗਾਂਧੀ ਦੇ ਨਾਲ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਇਸ ਯਾਤਰਾ ‘ਚ ਹਿੱਸਾ ਲੈ ਰਹੇ ਹਨ।