ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਘਰ ‘ਚ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਮੁਖਾਤਬ ਹੁੰਦਿਆਂ ਪੰਜਾਬ ਸਰਕਾਰ ‘ਤੇ ਫਿਰ ਤਿੱਖੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਕਾਰਨ ‘ਆਪ’ ਸੱਤਾ ‘ਚ ਆਈ ਅਤੇ ਇਸ ਦਾ ਅੰਤ ਵੀ ਸੋਸ਼ਲ ਮੀਡੀਆ ਹੀ ਕਰੇਗਾ। ਲੋਕ ਹੁਣ ਜਾਗਰੂਕ ਹੋ ਚੁੱਕੇ ਹਨ, ਠੀਕ ਹੈ ਲੋਕਾਂ ‘ਚ ਪਹਿਲਾਂ ਹੋਰ ਪਾਰਟੀਆਂ ਪ੍ਰਤੀ ਗੁੱਸਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਹੋਏ ਨੂੰ ਇਕ ਸਾਲ 29 ਮਈ ਨੂੰ ਹੋ ਜਾਵੇਗਾ ਪਰ ਅਜੇ ਤਕ ਇਨਸਾਫ਼ ਨਹੀਂ ਮਿਲਿਆ। ਸਰਕਾਰ ਦੇ ਮੰਤਰੀ ਉਨ੍ਹਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਲਈ ਇਨਸਾਫ਼ ਨੂੰ ਲੈ ਕੇ ਸਰਕਾਰ ਦੇ ਚੱਕਰ ਲਗਾ ਚੁੱਕੇ ਹਨ ਪਰ ਇਨਸਾਫ਼ ਨਹੀਂ ਮਿਲਿਆ। ਬਲਕੌਰ ਸਿੰਘ ਨੇ ਕਿਹਾ ਕਿ ਉਹ ਜਲੰਧਰ ਗਏ ਤਾਂ ਦੇਖਿਆ ਕਿ ਸਿੱਧੂ ਨੂੰ ਇਨਸਾਫ਼ ਨਾ ਮਿਲਣ ਦਾ ਲੋਕਾਂ ‘ਚ ਗੁੱਸਾ ਵੀ ਹੈ ਅਤੇ ਉਨ੍ਹਾਂ ਦੇ ਦਿਲਾਂ ‘ਚ ਦੁੱਖ ਵੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾ ਭਗਵੰਤ ਮਾਨ ਨਾਲ ਤੇ ਨਾ ਹੀ ਕਿਸੇ ਵਿਧਾਇਕ ਨਾਲ ਕੋਈ ਰੌਲਾ ਹੈ। ਜੇ ਕੋਈ ਕਿਸੇ ਨੂੰ ਦੁੱਖ ਹੁੰਦਾ ਹੈ ਤਾਂ ਉਹ ਸਰਕਾਰ ਕੋਲ ਜਾਂਦਾ ਹੈ ਪਰ ਸਰਕਾਰਾਂ ਹੀ ਨਹੀਂ ਸੁਣਦੀਆਂ ਤਾਂ ਉਹ ਕੀ ਕਰੇ। ਉਨ੍ਹਾਂ ਕਿਹਾ ਕਿ ਸਿੱਧੂ ਦੇ ਕਤਲ ‘ਚ ਸਾਜ਼ਿਸ਼ਘਾੜਿਆਂ ਦੇ ਜੇ ਨਾਂ ਆਉਂਦੇ ਹਨ ਤਾਂ ਕਈ ਉਸ ‘ਚ ਚਹੇਤੇ ਵੀ ਹੋਣੇ ਹਨ, ਇਸ ਲਈ ਸਰਕਾਰ ਸਿਰਦਰਦੀ ਨਹੀਂ ਲੈਣਾ ਚਾਹੁੰਦੀ।