ਇੰਡੀਆ ਨੂੰ ਪੰਜਵੇਂ ਅਤੇ ਆਖ਼ਰੀ ਹਾਕੀ ਟੈਸਟ ‘ਚ ਆਸਟਰੇਲੀਆ ਖ਼ਿਲਾਫ਼ 4-5 ਨਾਲ ਹਾਰ ਦਾ ਸਾਹਮਣਾ ਕਰਦਿਆਂ ਪੰਜ ਮੈਚਾਂ ਦੀ ਲੜੀ 1-4 ਨਾਲ ਗੁਆ ਲਈ। ਆਸਟਰੇਲੀਆ ਲਈ ਟਾਮ ਵਿਕਹੈਮ (ਦੂਜੇ ਅਤੇ 17ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਏਰੇਨ ਜੇਲਵਸਕੀ (30ਵੇਂ ਮਿੰਟ), ਜੈਕਬ ਐਂਡਰਸਨ (40ਵੇਂ ਮਿੰਟ) ਅਤੇ ਜੇਕ ਵੇਟਨ (54ਵੇਂ ਮਿੰਟ) ਨੇ ਵੀ ਮੇਜ਼ਬਾਨ ਟੀਮ ਲਈ ਇਕ-ਇਕ ਗੋਲ ਕੀਤਾ। ਇੰਡੀਆ ਲਈ ਕਪਤਾਨ ਹਰਮਨਪ੍ਰੀਤ ਸਿੰਘ (24ਵੇਂ ਅਤੇ 60ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਅਮਿਤ ਰੋਹੀਦਾਸ (34ਵੇਂ ਮਿੰਟ) ਅਤੇ ਸੁਖਜੀਤ ਸਿੰਘ (55ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਪਹਿਲੇ ਦੋ ਮੈਚ 4-5 ਅਤੇ 4-7 ਨਾਲ ਹਾਰਨ ਤੋਂ ਬਾਅਦ ਇੰਡੀਆ ਨੇ ਤੀਜਾ ਮੈਚ 4-3 ਨਾਲ ਜਿੱਤ ਲਿਆ ਸੀ। ਚੌਥੇ ਮੈਚ ‘ਚ ਮਹਿਮਾਨ ਟੀਮ ਨੂੰ 1-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੇ ਬਾਵਜੂਦ ਇੰਡੀਆ ਨੂੰ ਅੱਜ 5-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆਂ ਦੀ ਪਹਿਲੇ ਦਰਜੇ ਦੀ ਟੀਮ ਨੇ ਇਹ ਪੰਜ ਮੈਚਾਂ ਦੀ ਲੜੀ 4-1 ਨਾਲ ਆਪਣੇ ਨਾਂ ਕਰ ਲਈ। ਆਸਟਰੇਲੀਆ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਵਿਕਹੈਮ ਦੇ ਗੋਲ ਦੀ ਬਦੌਲਤ ਦੂਜੇ ਮਿੰਟ ‘ਚ ਹੀ ਲੀਡ ਲੈ ਲਈ। ਭਾਰਤੀ ਖਿਡਾਰੀ ਆਸਟਰੇਲੀਆ ਦੇ ਡਿਫੈਂਸ ‘ਤੇ ਦਬਾਅ ਬਣਾਉਣ ‘ਚ ਨਾਕਾਮ ਰਹੇ ਅਤੇ ਪਹਿਲੇ ਕੁਆਰਟਰ ‘ਚ ਕੋਈ ਮੌਕਾ ਨਹੀਂ ਬਣਾ ਸਕੇ। ਇਸ ਮਗਰੋਂ ਵਿਕਹੈਮ ਨੇ 17ਵੇਂ ਮਿੰਟ ‘ਚ ਮੁੜ ਗੋਲ ਕਰ ਕੇ ਆਸਟਰੇਲੀਆ ਦੀ ਲੀਡ ਦੁੱਗਣੀ ਕਰ ਦਿੱਤੀ। ਭਾਰਤੀ ਕਪਤਾਨ ਹਰਮਨਪ੍ਰੀਤ ਨੇ 24ਵੇਂ ਮਿੰਟ ‘ਚ ਪੈਨਲਟੀ ਕਾਰਨਰ ਨੂੰ ਗੋਲ ‘ਚ ਬਦਲ ਕੇ ਲੀਡ ਦਾ ਫਰਕ ਘਟਾਇਆ ਪਰ ਕੁਝ ਮਿੰਟਾਂ ਬਾਅਦ ਹੀ ਜ਼ਾਲੇਵਸਕੀ ਨੇ ਗੋਲ ਕਰ ਕੇ ਸਕੋਰ 3-1 ਕਰ ਦਿੱਤਾ। ਦੂਜੇ ਹਾਫ ‘ਚ ਇੰਡੀਆ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਰੋਹੀਦਾਸ ਨੇ ਗੋਲ ਕਰ ਕੇ ਸਕੋਰ 3-2 ਕਰ ਦਿੱਤਾ। ਇਸ ਦੌਰਾਨ ਆਸਟਰੇਲੀਆ ਨੇ ਦਬਾਅ ਬਣਾਈ ਰੱਖਿਆ ਅਤੇ 40ਵੇਂ ਮਿੰਟ ‘ਚ ਐਂਡਰਸਨ ਅਤੇ 54ਵੇਂ ਮਿੰਟ ‘ਚ ਵੇਟਨ ਨੇ ਗੋਲ ਕਰ ਕੇ ਟੀਮ ਨੂੰ 5-2 ਨਾਲ ਅੱਗੇ ਕੀਤਾ। ਇਸ ਮਗਰੋਂ ਸੁਖਜੀਤ ਨੇ 55ਵੇਂ ਅਤੇ ਹਰਮਨਪ੍ਰੀਤ ਨੇ ਆਖਰੀ ਮਿੰਟ ‘ਚ ਇਕ-ਇਕ ਗੋਲ ਕੀਤਾ ਪਰ ਉਹ ਟੀਮ ਨੂੰ ਹਾਰ ਤੋਂ ਨਾ ਬਚਾ ਸਕੇ।