ਇੰਡੀਆ ਨੂੰ ਆਖਰੀ ਕੁਆਰਟਰ ’ਚ ਜ਼ਿਆਦਾ ਸਮਾਂ ਨੌਂ ਖਿਡਾਰੀਆਂ ਨਾਲ ਖੇਡਣ ਦਾ ਖਮਿਆਜ਼ਾ ਭੁਗਤਨਾ ਪਿਆ ਅਤੇ ਤਿੰਨ ਗੋਲ ਗੁਆਉਣ ਕਾਰਨ ਰਾਸ਼ਟਰ ਮੰਡਲ ਖੇਡਾਂ ਦੇ ਆਪਣੇ ਦੂਜੇ ਮੈਚ ’ਚ ਇੰਗਲੈਂਡ ਨਾਲ 4-4 ਦਾ ਡਰਾਅ ਖੇਡਿਆ। ਭਾਰਤੀ ਟੀਮ ਇਕ ਸਮੇਂ 4-1 ਨਾਲ ਅੱਗੇ ਸੀ ਪਰ ਇੰਗਲੈਂਡ ਨੇ ਆਖਰੀ ਕੁਆਰਟਰ ’ਚ ਤਿੰਨ ਗੋਲ ਕਰਕੇ ਖੇਡ ਦਾ ਪਾਸਾ ਪਲਟ ਦਿੱਤਾ। ਗੁਰਜੰਟ ਸਿੰਘ ਨੂੰ ਆਖਰੀ ਕੁਆਰਟਰ ’ਚ ਪੀਲਾ ਕਾਰਡ ਮਿਲਿਆ ਜਦਕਿ ਵਰੁਣ ਕੁਮਾਰ ਨੂੰ ਦੋ ਪੀਲੇ ਕਾਰਡ ਦੇਖਣ ਕਾਰਨ ਬਾਹਰ ਹੋਣਾ ਪਿਆ। ਇੰਡੀਆ ਲਈ ਮਨਦੀਪ ਸਿੰਘ ਨੇ ਦੋ, ਹਰਮਨਪ੍ਰੀਤ ਸਿੰਘ ਅਤੇ ਲਲਿਤ ਉਪਾਧਿਆਏ ਨੇ 1-1 ਗੋਲ ਕੀਤਾ। ਇੰਗਲੈਂਡ ਲਈ ਨਿਕੋਲਸ ਬੈਂਡੁਰਕ ਨੇ ਦੋ, ਲਿਆਮ ਅੰਸੇਲ ਅਤੇ ਫਿਲਿਪ ਰੋਪੇਰ ਨੇ ਇਕ-ਇਕ ਗੋਲ ਦਾਗਿਆ। ਇੰਗਲੈਂਡ ਨੇ ਇਸ ਦੇ ਨਾਲ ਹੀ ਪਿਛਲੇ ਸਾਲ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ’ਚ ਇੰਡੀਆ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਪੂਲ ‘ਬੀ’ ਦੇ ਪਹਿਲੇ ਮੈਚ ’ਚ ਇੰਡੀਆ ਨੇ ਘਾਨਾ ਨੂੰ 11-0 ਨਾਲ ਹਰਾਇਆ ਸੀ। ਇਸ ਮੈਚ ’ਚ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਅਭਿਸ਼ੇਕ ਨੇ ਸ਼ੁਰੂਆਤੀ ਮਿੰਟ ’ਚ ਹੀ ਗੋਲ ਦਾਗ ਦਿੱਤਾ ਸੀ। ਇੰਡੀਆ ਵਾਲੇ ਪੂਲ ’ਚ ਕੈਨੇਡਾ, ਇੰਗਲੈਂਡ ਤੇ ਵੇਲਜ਼ ਵੀ ਹਨ। ਭਾਰਤੀ ਪੁਰਸ਼ ਹਾਕੀ ਟੀਮ ਦਾ ਉਲੰਪਿਕਸ ’ਚ ਵੀ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਇਸ ਵਾਰ ਵੀ ਭਾਰਤੀ ਟੀਮ ਤੋਂ ਵੱਡੀਆਂ ਆਸਾਂ ਹਨ। ਮਨਪ੍ਰੀਤ ਸਿੰਘ ਦੀ ਅਗਵਾਈ ’ਚ ਟੀਮ ਲਗਾਤਾਰ ਚੰਗਾ ਖੇਡ ਰਹੀ ਹੈ।