ਕਾਮਨਵੈਲਥ ਗੇਮਜ਼ ਦੌਰਾਨ ਇੰਡੀਆ ਦੀ ਮਹਿਲਾ ਹਾਕੀ ਟੀਮ ਨੂੰ 16 ਸਾਲ ਬਾਅਦ ਕਾਂਸੀ ਦਾ ਤਗ਼ਮਾ ਮਿਲਿਆ। ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੂਟਆਊਟ ‘ਚ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਕੇ ਇਹ ਤਗ਼ਮਾ ਜਿੱਤਿਆ। ਮੈਚ ਦੇ ਆਖ਼ਰੀ ਪਲਾਂ ‘ਚ ਭਾਰਤੀ ਟੀਮ 1-0 ਨਾਲ ਅੱਗੇ ਸੀ, ਪਰ ਆਖਰੀ 30 ਸਕਿੰਟਾਂ ‘ਚ ਉਸ ਨੇ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦੇ ਦਿੱਤਾ। ਇਹ ਪੈਨਲਟੀ ਸਟਰੋਕ ‘ਚ ਬਦਲ ਗਿਆ ਅਤੇ ਓਲੀਵੀਆ ਮੈਰੀ ਨੇ ਨਿਊਜ਼ੀਲੈਂਡ ਲਈ ਬਰਾਬਰੀ ਕਰ ਦਿੱਤੀ ਜਿਸ ਤੋਂ ਬਾਅਦ ਮੈਚ ਸ਼ੂਟ ਆਊਟ ‘ਚ ਚਲਾ ਗਿਆ। ਇੰਡੀਆ ਨੇ ਸ਼ੂਟ ਆਊਟ ‘ਚ ਆਪਣਾ ਸੰਜਮ ਬਰਕਰਾਰ ਰੱਖਿਆ ਅਤੇ ਜਿੱਤ ਦਰਜ ਕੀਤੀ। ਵਿਵਾਦਪੂਰਨ ਸੈਮੀਫਾਈਨਲ ‘ਚ ਆਸਟਰੇਲੀਆ ਖ਼ਿਲਾਫ਼ ਦਿਲ ਤੋੜਨ ਵਾਲੀ ਹਾਰ ਤੋਂ ਬਾਅਦ ਇਸ ਮੈਚ ‘ਚ ਖੇਡ ਰਹੀ ਭਾਰਤੀ ਟੀਮ ਨੇ ਪੂਰੇ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਤਗ਼ਮਾ ਜਿੱਤਿਆ। ਸਲੀਮਾ ਟੇਟੇ ਦੇ ਗੋਲ ਦੀ ਬਦੌਲਤ ਇੰਡੀਆ ਹਾਫ਼ ਟਾਈਮ ਤੱਕ 1-0 ਨਾਲ ਅੱਗੇ ਸੀ। ਨੇਹਾ ਗੋਇਲ ਨੇ ਬ੍ਰੇਕ ਤੋਂ ਬਾਅਦ ਟੀਮ ਦੀ ਬੜ੍ਹਤ ਨੂੰ ਲਗਭਗ ਦੁੱਗਣਾ ਕਰ ਦਿੱਤਾ। ਕਾਮਨਵੈਲਥ ਗੇਮਜ਼ 2002 ਕ੍ਰਿਕਟ ਈਵੈਂਟ ਦਾ ਫਾਈਨਲ ਮੈਚ ਇੰਡੀਆ ਅਤੇ ਆਸਟਰੇਲੀਆ ਦੀਆਂ ਮਹਿਲਾ ਟੀਮਾਂ ਵਿਚਾਲੇ ਬਰਮਿੰਘਮ ਦੇ ਮੈਦਾਨ ‘ਤੇ ਖੇਡਿਆ ਗਿਆ। ਆਸਟਰੇਲੀਆ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ ‘ਤੇ 161 ਦੌੜਾਂ ਬਣਾਈਆਂ, ਜਿਸ ਦਾ ਪਿੱਛਾ ਕਰਦਿਆਂ ਭਾਰਤੀ ਟੀਮ 19.3 ਓਵਰਾਂ ‘ਚ 152 ਬਣਾ ਕੇ ਆਲ ਆਊਟ ਹੋ ਗਈ। ਇਸ ਤਰ੍ਹਾਂ ਆਸਟਰੇਲੀਆ ਨੇ ਫਾਈਨਲ ਮੈਚ 9 ਦੌੜਾਂ ਨਾਲ ਜਿੱਤ ਕੇ ਸੋਨ ਤਗ਼ਮਾ ਜਿੱਤ ਲਿਆ ਜਦਕਿ ਇੰਡੀਆ ਨੂੰ ਚਾਂਦੀ ਨਾਲ ਹੀ ਸਬਰ ਕਰਨਾ ਪਿਆ।