ਆਸਟਰੇਲੀਆ ਨੇ ਚੌਥੇ ਹਾਕੀ ਟੈਸਟ ਮੈਚ ‘ਚ ਇੰਡੀਆ ਨੂੰ 5-1 ਨਾਲ ਕਰਾਰੀ ਮਾਤ ਦੇ ਕੇ ਪੰਜ ਮੈਚਾਂ ਦੀ ਸੀਰੀਜ਼ ‘ਚ 3-1 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ। ਪਹਿਲੇ ਕੁਆਰਟਰ ‘ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਜਿਸ ਤੋਂ ਬਾਅਦ ਦਿਲਪ੍ਰੀਤ ਸਿੰਘ ਨੇ 25ਵੇਂ ਮਿੰਟ ‘ਚ ਗੋਲ ਕਰ ਕੇ ਇੰਡੀਆ ਨੂੰ ਬੜ੍ਹਤ ਦਿਵਾਈ। ਪਹਿਲੇ ਕੁਆਰਟਰ ‘ਚ ਭਾਰਤੀ ਰੱਖਿਆ ਕਤਾਰ ਨੇ ਚੰਗੀ ਖੇਡ ਦਿਖਾਈ ਪਰ ਬਾਅਦ ‘ਚ ਉਹ ਆਪਣੇ ਪ੍ਰਦਰਸ਼ਨ ‘ਚ ਨਿਰੰਤਰਤਾ ਨਹੀਂ ਰੱਖ ਸਕੀ। ਦੂਜੇ ਕੁਆਰਟਰ ਦੇ ਆਖ਼ਰੀ ਸਮੇਂ ‘ਚ ਭਾਰਤੀ ਰੱਖਿਆ ਕਤਾਰ ਬਿਖਰ ਗਈ ਜਿਸ ਦਾ ਫ਼ਾਇਦਾ ਉਠਾ ਕੇ ਜੇਰੇਮੀ ਹੇਵਰਡ (29ਵੇਂ) ਤੇ ਜੈਕ ਵ੍ਹੀਟਨ (30ਵੇਂ) ਨੇ 50 ਸਕਿੰਟ ਅੰਦਰ ਦੋ ਗੋਲ ਕਰ ਕੇ ਆਸਟਰੇਲੀਆ ਨੂੰ ਅੱਧੇ ਸਮੇਂ ਤੋਂ ਪਹਿਲਾਂ ਬੜ੍ਹਤ ਦਿਵਾ ਦਿੱਤੀ। ਆਸਟਰੇਲੀਆ ਨੇ ਤੀਜੇ ਕੁਆਰਟਰ ‘ਚ ਪੂਰਾ ਦਬਦਬਾ ਬਣਾਇਆ। ਟਾਮ ਵਿਕਮ (34ਵੇਂ) ਨੇ ਉਸ ਦੀ ਬੜ੍ਹਤ ਨੂੰ ਮਜ਼ਬੂਤ ਕੀਤਾ ਜਦਕਿ ਹੇਵਰਡ ਨੇ 41ਵੇਂ ਮਿੰਟ ‘ਚ ਆਪਣਾ ਦੂਜਾ ਤੇ ਟੀਮ ਵੱਲੋਂ ਚੌਥਾ ਗੋਲ ਕੀਤਾ। ਮੈਟ ਡਾਸਨ ਨੇ 54ਵੇਂ ਮਿੰਟ ‘ਚ ਭਾਰਤੀ ਗੋਲਕੀਪਰ ਕ੍ਰਿਸ਼ਣ ਪਾਠਕ ਨੂੰ ਭੁਲੇਖਾ ਪਾ ਕੇ ਆਸਟਰੇਲੀਆ ਵੱਲੋਂ ਪੰਜਵਾਂ ਗੋਲ ਕੀਤਾ।