ਪਾਕਿਸਤਾਨ ਏਸ਼ੀਆ ਕ੍ਰਿਕਟ ਕੱਪ ਦੇ ਗਰੁੱਪ ‘ਏ’ ਮੈਚ ‘ਚ ਹਾਂਗਕਾਂਗ ਨੂੰ 155 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਸੁਪਰ 4 ਮੁਕਾਬਲੇ ‘ਚ ਪਹੁੰਚ ਗਿਆ ਹੈ। ਹਾਂਗਕਾਂਗ ਦਾ ਕੋਈ ਵੀ ਬੱਲੇਬਾਜ਼ ਦੂਹਰੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਦੇ ਮਿਲੇ ਸੱਦੇ ‘ਤੇ ਨਿਰਧਾਰਤ 20 ਓਵਰਾਂ ‘ਚ ਦੋ ਵਿਕਟਾਂ ਗੁਆ ਕੇ 193 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (57 ਗੇਂਦਾਂ ‘ਤੇ 78 ਦੌੜਾਂ) ਅਤੇ ਫਖ਼ਰ ਜ਼ਮਾਨ (41 ਗੇਂਦਾਂ ‘ਤੇ 53 ਦੌੜਾਂ) ਨੇ ਨੀਮ ਸੈਂਕੜੇ ਜੜੇ, ਜਦੋਂਕਿ ਖੁਸ਼ਦਿਲ ਸ਼ਾਹ ਨੇ 15 ਗੇਂਦਾਂ ‘ਚ 35 ਦੌੜਾਂ ਬਣਾਈਆਂ। ਗੇਂਦਬਾਜ਼ ਅਹਿਸਾਨ ਖ਼ਾਨ ਨੇ ਹਾਂਗਕਾਂਗ ਲਈ ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਹਾਂਗਕਾਂਗ ਦੀ ਟੀਮ ਤਾਸ਼ ਦੇ ਪੱਤਿਆਂ ਵਾਂਗੂ ਖਿੰਡ ਗਈ। ਪੂਰੀ ਟੀਮ 10.4 ਓਵਰਾਂ ‘ਚ 38 ਦੌੜਾਂ ‘ਤੇ ਆਊਟ ਹੋ ਗਈ। ਪਾਕਿਸਤਾਨ ਵੱਲੋਂ ਸ਼ਾਦਾਬ ਨੇ ਚਾਰ, ਨਸੀਮ ਸ਼ਾਹ ਨੇ ਦੋ ਅਤੇ ਸ਼ਾਹਨਵਾਜ਼ ਦਹਾਨੀ ਨੇ ਇਕ ਵਿਕਟ ਲਈ।