ਮੂਲ ਰੂਪ ‘ਚ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਅਤੇ ਇਸ ਸਮੇਂ ਕੈਲਗਰੀ ‘ਚ ਰਹਿੰਦੇ ਜਗਸੀਰ ਸਿੰਘ ਗਿੱਲ ਉਰਫ ਸੋਨੀ ਨਾਂ ਦੇ ਨੌਜਵਾਨ ਟਰੱਕ ਡਰਾਈਵਰ ਦੀ ਹਾਦਸੇ ਮਗਰੋਂ ਟਰੱਕ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ। ਇਹ ਹਾਦਸਾ ਬ੍ਰਿਟਿਸ਼ ਕੋਲੰਬੀਆ ‘ਚ ਉਸ ਸਮੇਂ ਵਾਪਰਿਆ ਜਦੋਂ ਜਗਸੀਰ ਗਿੱਲ ਟਰੱਕ ਲੈ ਕੇ ਜਾ ਰਿਹਾ ਸੀ ਕਿ ਪਸ਼ੂਆਂ ਨਾਲ ਲੱਦੇ ਟਰੱਕ ਨੇ ਆ ਕੇ ਟੱਕਰ ਮਾਰੀ। ਗਲਤ ਪਾਸੇ ਤੋਂ ਆ ਕੇ ਦੂਜੇ ਟਰੱਕ ਦੇ ਟਕਰਾਉਣ ਨਾਲ ਟਰੱਕ ‘ਚ ਅੱਗ ਲੱਗ ਗਈ ਅਤੇ ਜਗਸੀਰ ਸਿੰਘ ਗਿੱਲ ‘ਚ ਹੀ ਸੜ ਗਿਆ। ਜਗਸੀਰ ਸਿੰਘ ਉਰਫ਼ ਸੋਨੀ ਪੁੱਤਰ ਕੁਲਵੰਤ ਸਿੰਘ ਨੰਬਰਦਾਰ ਪਰਿਵਾਰ ਸਮੇਤ ਕਈ ਸਾਲਾਂ ਤੋਂ ਕੈਨੇਡਾ ‘ਚ ਰਹਿ ਰਿਹਾ ਸੀ। ਜਗਸੀਰ ਗਿੱਲ ਆਪਣੇ ਪਿੱਛੇ ਪਤਨੀ ਅਤੇ ਦੋ ਨਾਬਾਲਗ ਬੱਚੇ ਛੱਡ ਗਿਆ ਹੈ। ਹਾਦਸੇ ਦਾ ਪਤਾ ਲੱਗਣ ‘ਤੇ ਉਸ ਦੇ ਜੱਦੀ ਪਿੰਡ ਘੋਲੀਆ ਖੁਰਦ ‘ਚ ਸੋਗ ਪੈ ਗਿਆ। ਸੋਨੀ ਗਿੱਲ ਉੱਘੇ ਕਬੱਡੀ ਖਿਡਾਰੀ ਨਿਰਮਲ ਘੋਲੀਆ ਦਾ ਭਤੀਜਾ ਸੀ। ਟੱਕਰ ਮਾਰਨ ਵਾਲੇ ਟਰੱਕ ਦੇ ਡਰਾਈਵਰ ਦੀ ਪਛਾਣ ਪੁਲੀਸ ਨੇ ਹਾਲੇ ਜਨਤਕ ਨਹੀਂ ਕੀਤੀ ਹੈ।