ਭਾਰਤੀ ਮੂਲ ਦੇ 62 ਸਾਲਾ ਹੋਮਿਓਪੈਥਿਖ ਡਾਕਟਰ ਸੁਨੀਲ ਆਨੰਦ ਨੂੰ ਬਰੈਂਪਟਨ ‘ਚ ਇਕ ਮਰੀਜ਼ ਦਾ ਕਥਿਤ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲੀਸ ਨੇ ਕਿਹਾ ਕਿ ਇਕ ਮਰੀਜ਼ 23 ਅਪ੍ਰੈਲ ਨੂੰ ਬਰੈਂਪਟਨ ‘ਚ ਹੋਮਿਓਪੈਥਿਕ ਕਲੀਨਿਕ ‘ਚ ਗਿਆ ਸੀ ਅਤੇ ਡਾਕਟਰੀ ਜਾਂਚ ਦੌਰਾਨ ਉਸ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਜਾਂਚ ਦੇ ਨਤੀਜੇ ਵਜੋਂ ਪੁਲੀਸ ਨੇ 62 ਸਾਲਾ ਸੁਨੀਲ ਆਨੰਦ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ‘ਤੇ ਜਿਨਸੀ ਸ਼ੋਸ਼ਣ ਅਤੇ ਜਿਨਸੀ ਛੇੜਛਾੜ ਦੇ ਦੋਸ਼ ਲਾਏ ਹਨ। ਪੁਲੀਸ ਨੇ ਦੱਸਿਆ ਕਿ ਆਨੰਦ ਟੋਰਾਂਟੋ ‘ਚ ਇੱਕ ਹੋਮਿਓਪੈਥਿਕ ਕਲੀਨਿਕ ‘ਚ ਵੀ ਕੰਮ ਕਰਦਾ ਹੈ। ਡਾ. ਸੁਨੀਲ ਆਨੰਦ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੁਣ ਮੁਲਜ਼ਮ ਨੂੰ ਇਨ੍ਹਾਂ ਦੋਸ਼ਾਂ ਦਾ ਅਦਾਲਤ ‘ਚ ਸਾਹਮਣਾ ਕਰਨਾ ਪਵੇਗਾ।