ਹਮਲਾ ਕਰਨ, ਧਮਕੀਆਂ ਦੇਣ ਅਤੇ ਸ਼ਰਾਰਤਾਂ ਕਰਨ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ 28 ਸਾਲਾ ਸਿੱਖ ਨੌਜਵਾਨ ਨੇ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ‘ਚ ਆਤਮ-ਸਮਰਪਣ ਕਰ ਦਿੱਤਾ ਹੈ ਜਿਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਆਤਮ-ਸਮਰਪਣ ਕਰਨ ਵਾਲਾ ਮਨਵੀਰ ਸਿੰਘ ਢੇਸੀ ਸਰੀ ‘ਚ ਰਹਿੰਦਾ ਹੈ ਪਰ ਪੁਲੀਸ ਨੇ ਕਿਹਾ ਕਿ ਉਹ ਬ੍ਰਿਟਿਸ਼ ਕੋਲੰਬੀਆ ਸੂਬੇ ਬਰਨਬੀ ‘ਚ ਵੀ ਆਉਂਦਾ-ਜਾਂਦਾ ਰਹਿੰਦਾ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਇਕ ਨੋਟਿਸ ਜਾਰੀ ਕੀਤਾ ਸੀ ਜਿਸ ‘ਚ ਗ੍ਰਿਫ਼ਤਾਰੀ ਵਾਰੰਟ ‘ਤੇ ਲੋੜੀਂਦੇ ਢੇਸੀ ਦਾ ਪਤਾ ਲਗਾਉਣ ‘ਚ ਜਨਤਕ ਸਹਾਇਤਾ ਦੀ ਮੰਗ ਕੀਤੀ ਗਈ ਸੀ। ਬਰਨਬੀ ਨਾਓ ਦੀ ਰਿਪੋਰਟ ਅਨੁਸਾਰ 31 ਮਾਰਚ ਨੂੰ ਜ਼ਮਾਨਤ ਦੀ ਸੁਣਵਾਈ ਦੌਰਾਨ ਪੇਸ਼ ਕੀਤੀ ਜਾਣਕਾਰੀ ਅਨੁਸਾਰ, ਢੇਸੀ ‘ਤੇ ਲੱਗੇ ਦੋਸ਼ 13 ਮਾਰਚ ਨੂੰ ਉਸਦੀ ਸਾਬਕਾ ਪ੍ਰੇਮਿਕਾ ਦੇ ਘਰ ਕਥਿਤ ਘਟਨਾਵਾਂ ਨਾਲ ਸਬੰਧਤ ਹਨ। ਕ੍ਰਾਊਨ ਪ੍ਰੌਸੀਕਿਊਟਰ ਜੈਨੀਫਰ ਡਾਇਕ ਦੇ ਅਨੁਸਾਰ ਉਸਦੀ ਸਾਬਕਾ ਪ੍ਰੇਮਿਕਾ, ਉਸਦੀ ਭੈਣ, ਉਸਦੀ ਭਰਜਾਈ ਅਤੇ ਉਸਦੀ ਭਰਜਾਈ ਦਾ ਭਰਾ ਸਾਰੇ ਘਰ ‘ਚ ਸਨ, ਉਦੋਂ ਢੇਸੀ ਬਿਨਾਂ ਸਹਿਮਤੀ ਦੇ ਉਨ੍ਹਾਂ ਘਰ ‘ਚ ਦਾਖ਼ਲ ਹੋ ਗਿਆ ਅਤੇ ਉਸ ਨੇ ਕਥਿਤ ਤੌਰ ‘ਤੇ 2 ਵਿਅਕਤੀਆਂ ‘ਤੇ ਹਮਲਾ ਕੀਤਾ। ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਅਦਾਲਤ ਦੇ ਜੱਜ ਜੈਫਰੀ ਕੈਂਪਬੈਲ ਨੇ ਢੇਸੀ ਨੂੰ 500 ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਅਤੇ ਉਸ ਨੂੰ ਉਸ ਦੀ ਸਾਬਕਾ ਪ੍ਰੇਮਿਕਾ ਦੇ ਘਰ ਦੇ ਦੋ ਬਲਾਕਾਂ ਦੇ ਅੰਦਰ ਨਾ ਜਾਣ ਜਾਂ ਉਸ ਦੇ ਕਿਸੇ ਵੀ ਕਥਿਤ ਪੀੜਤ ਨਾਲ ਸੰਪਰਕ ਨਾ ਕਰਨ ਲਈ ਕਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 27 ਅਪ੍ਰੈਲ ਨੂੰ ਹੋਣੀ ਹੈ।