ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਨਜ਼ਦੀਕੀ ਦੋਸਤ ਅਨੁਪਮ ਖੇਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ‘ਮੈਂ ਜਾਣਦਾ ਹਾਂ ਕਿ ਮੌਤ ਇਸ ਦੁਨੀਆ ਦੀ ਆਖ਼ਰੀ ਸੱਚਾਈ ਹੈ ਪਰ ਮੈਂ ਸੁਫ਼ਨੇ’ਚ ਵੀ ਨਹੀਂ ਸੋਚਿਆ ਸੀ ਕਿ ਮੈਂ ਆਪਣੇ ਜਿਗਰੀ ਦੋਸਤ ਸਤੀਸ਼ ਕੌਸ਼ਿਕ ਬਾਰੇ ਇਹ ਲਿਖਾਂਗਾ।’ ਅਨੁਪਮ ਖੇਰ ਨੇ ਲਿਖਿਆ ਕਿ 45 ਸਾਲਾਂ ਦੀ ਦੋਸਤੀ ‘ਤੇ ਅਜਿਹਾ ਪੂਰਨ ਵਿਰਾਮ। ਸਤੀਸ਼ ਤੇਰੇ ਬਿਨਾਂ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੇਗੀ। ਅਦਾਕਾਰ ਸਤੀਸ਼ ਕੌਸ਼ਿਕ ਨੇ 67 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਿਹਾ। ਸਤੀਸ਼ ਕੌਸ਼ਿਕ ਇਕ ਮਸ਼ਹੂਰ ਬਾਲੀਵੁੱਡ ਅਦਾਕਾਰ, ਕਾਮੇਡੀਅਨ, ਸਕ੍ਰਿਪਟ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਸਨ। ਉਨ੍ਹਾਂ ਦਾ ਜਨਮ 13 ਅਪ੍ਰੈਲ 1965 ਨੂੰ ਹਰਿਆਣਾ ‘ਚ ਹੋਇਆ ਸੀ। ਉਨ੍ਹਾਂ ਨੇ ਬਾਲੀਵੁੱਡ ‘ਚ ਆਪਣਾ ਬ੍ਰੇਕ ਲੈਣ ਤੋਂ ਪਹਿਲਾਂ ਥੀਏਟਰ ‘ਚ ਕੰਮ ਕੀਤਾ। ਬਤੌਰ ਫਿਲਮ ਅਦਾਕਾਰ ਸਤੀਸ਼ ਕੌਸ਼ਿਕ ਨੂੰ 1987 ਦੀ ਫਿਲਮ ‘ਮਿਸਟਰ ਇੰਡੀਆ’ ਦੇ ਕਿਰਦਾਰ ਕੈਲੰਡਰ ਤੋਂ ਪਛਾਣ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ 1997 ‘ਚ ‘ਦੀਵਾਨਾ ਮਸਤਾਨਾ’ ਵਿੱਚ ਪੱਪੂ ਪੇਜਰ ਦੀ ਭੂਮਿਕਾ ਨਿਭਾਈ। ਸਤੀਸ਼ ਕੌਸ਼ਿਕ ਨੂੰ 1990 ਵਿੱਚ ‘ਰਾਮ ਲਖਨ ਲਈ’ ਅਤੇ 1997 ਵਿੱਚ ‘ਸਾਜਨ ਚਲੇ ਸਸੁਰਾਲ’ ਲਈ ਸਰਵੋਤਮ ਕਾਮੇਡੀਅਨ ਦਾ ਫਿਲਮਫੇਅਰ ਐਵਾਰਡ ਮਿਲਿਆ। ਉਨ੍ਹਾਂ ਦੀ ਮੌਤ ਬਾਰੇ ਛੇਤੀ ਕੀਤੇ ਕਿਸੇ ਨੂੰ ਯਕੀਨ ਨਾ ਆਉਣ ਦਾ ਇਕ ਕਾਰਨ ਇਹ ਵੀ ਸੀ ਕਿ ਇਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੋਸਤਾਂ ਨਾਲ ਹੋਲੀ ਮਨਾਈ ਅਤੇ ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ।