ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਨਜ਼ਦੀਕ ਹੈਰੀਟੇਜ ਸਟਰੀਟ ‘ਤੇ ਕੁਝ ਘੰਟੇ ਦੇ ਵਕਫੇ ‘ਚ ਦੂਜਾ ਧਮਾਕਾ ਹੋਣ ਨਾਲ ਦਹਿਸ਼ਤ ਫੈਲ ਗਈ। ਪਹਿਲਾਂ ਸ਼ਨੀਵਾਰ ਤੇ ਐਤਵਾਰ ਵਿਚਕਾਰਲੀ ਰਾਤ ਢਾਈ ਵਜੇ ਦੇ ਕਰੀਬ ਇਕ ਧਮਾਕਾ ਹੋਇਆ ਸੀ ਜਦਕਿ ਅੱਜ ਸੋਮਵਾਰ ਸਵੇਰੇ 6 ਵਜੇ ਮੁੜ ਧਮਾਕਾ ਹੋਇਆ। ਲਗਾਤਾਰ ਦੋ ਧਮਾਕੇ ਹੋਣ ਕਾਰਨ ਲੋਕਾਂ ‘ਚ ਦਹਿਸ਼ਤ ਫੈਲਣਾ ਸੁਭਾਵਿਕ ਹੈ। ਪਹਿਲਾ ਧਮਾਕਾ ਇਕ ਰੈਸਟੋਰੈਂਟ ‘ਚ ਹੋਇਆ ਦੱਸਿਆ ਗਿਆ ਸੀ ਜਿਸ ਕਰਕੇ ਕੁਝ ਲੋਕ ਜ਼ਖਮੀ ਹੋਏ ਸਨ। ਪੁਲੀਸ ਹਾਲੇ ਉਸ ਮਾਮਲੇ ਦੀ ਜਾਂਚ ਕਰ ਹੀ ਰਹੀ ਸੀ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਹੋ ਰਹੀ ਸੀ ਕਿ ਅੱਜ ਦੂਜਾ ਧਮਾਕਾ ਹੋ ਗਿਆ। ਘਟਨਾ ਸਥਾਨ ‘ਤੇ ਪੁਲੀਸ ਕਮਿਸ਼ਨਰ ਸਮੇਤ ਹੋਰ ਪੁਲੀਸ ਅਧਿਕਾਰੀ ਪਹੁੰਚ ਗਏ। ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਬੰਬ ਸਕੂਐਡ ਤੇ ਫੋਰੈਂਸਿਕ ਟੀਮ ਮੌਕੇ ‘ਤੇ ਮੌਜੂਦ ਸੀ। ਧਮਾਕੇ ਨਾਲ ਸ਼ਰਧਾਲੂਆਂ ਦੇ ਮਨ ‘ਚ ਦਹਿਸ਼ਤ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਤੜਕੇ 12.15 ਵਜੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਤੇ ਇਕ ਰੈਸਟੋਰੈਂਟ ‘ਚ ਧਮਾਕਾ ਹੋਇਆ ਸੀ। ਜਾਂਚ ‘ਚ ਸਾਹਮਣੇ ਆਇਆ ਸੀ ਕਿ ਰੈਸਟੋਰੈਂਟ ਦੀ ਚਿਮਨੀ ‘ਚ ਗੈਸ ਜਮ੍ਹਾ ਹੋਣ ਕਾਰਨ ਧਮਾਕਾ ਹੋਇਆ ਸੀ। ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ‘ਚ ਸੋਨੂੰ ਰਾਜਪੂਤ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਸੀ। ਘਟਨਾ ਸਮੇਂ ਉਹ ਹੈਰੀਟੇਜ ਸਟਰੀਟ ‘ਚ ਸੌਂ ਰਿਹਾ ਸੀ। ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਚ ਅੱਜ ਸਵੇਰੇ ਮੁੜ ਧਮਾਕਾ ਹੋਣ ਨਾਲ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਡੀ.ਜੀ.ਪੀ. ਗੌਰਵ ਯਾਦਵ ਨੇ ਇਹ ਕੋਈ ਅੱਤਵਾਦੀ ਹਮਲਾ ਜਾਂ ਅੱਤਵਾਦੀ ਕਾਰਵਾਈ ਹੋਣ ਤੋਂ ਸਾਫ ਇਨਕਾਰ ਕੀਤਾ। ਉਨ੍ਹਾਂ ਕਿਸੇ ਸ਼ਰਾਰਤੀ ਅਨਸਰ ਦੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਜਾਂਚ ਜਾਰੀ ਹੈ। ਧਮਾਕੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਅਤੇ ਫੋਰੈਂਸਿਕ ਟੀਮ ਦੇ ਹੋਰ ਮਾਹਿਰ ਮੌਕੇ ‘ਤੇ ਪੁੱਜ ਗਏ। ਫੋਰੈਂਸਿਕ ਮਾਹਿਰਾਂ ਨੇ ਧਮਾਕੇ ਵਾਲੀ ਥਾਂ ਤੋਂ ਕੁਝ ਨਮੂਨੇ ਵੀ ਲਏ ਹਨ। ਪੁਲੀਸ ਕਮਿਸ਼ਨਰ ਨੇ ਆਖਿਆ ਕਿ ਘਟਨਾ ਦੀ ਜਾਂਚ ਤੋਂ ਬਾਅਦ ਹੀ ਇਸ ਧਮਾਕੇ ਬਾਰੇ ਕੁਝ ਕਿਹਾ ਜਾ ਸਕਦਾ ਹੈ। ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਹੈਰੀਟੇਜ ਸਟਰੀਟ ‘ਚ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਇਸ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਘੱਟ ਸ਼ਕਤੀਸ਼ਾਲੀ ਧਮਾਕਾ ਹੈ, ਜੋ ਕਿਸੇ ਕੰਟੇਨਰ ‘ਚ ਹੋਇਆ ਹੈ ਅਤੇ ਦੋਵੇਂ ਧਮਾਕੇ ਇਕੋ ਜਿਹੇ ਹਨ। ਧਮਾਕਿਆਂ ਦੌਰਾਨ ਡੈਟੋਨੇਟਰਾਂ ਦੀ ਵਰਤੋਂ ਨਹੀਂ ਹੋਈ। ਇਹ ਕਿਸੇ ਸ਼ਰਾਰਤੀ ਵਿਅਕਤੀ ਦੀ ਕੋਈ ਕਾਰਵਾਈ ਹੋ ਸਕਦੀ ਹੈ, ਜੋ ਤਣਾਅ ਪੈਦਾ ਕਰਨਾ ਚਾਹੁੰਦਾ ਹੈ। ਘਟਨਾ ਦੀ ਜਾਂਚ ਚੱਲ ਰਹੀ ਹੈ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਦੀ ਸ਼ਨਾਖ਼ਤ ਕਰਨ ਅਤੇ ਇਸ ਪਿੱਛੇ ਕਾਰਨਾਂ ਦਾ ਪਤਾ ਲਾਉਣ ਦਾ ਵੀ ਯਤਨ ਕੀਤਾ ਜਾ ਰਿਹਾ ਹੈ।