ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਵੱਲੋਂ ਹਰਦੀਪ ਸਿੰਘ ਨਿੱਝਰ ਸਿਰ 10 ਲੱਖ ਰੁਪਏ ਦਾ ਇਨਾਮ ਰੱਖਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਸਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੇ ਕਿਹਾ ਕਿ ਉਸ ’ਤੇ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ, ਜੋ ਵਿਦੇਸ਼ ਵਸਦੇ ਪੰਜਾਬੀਆਂ ਨੂੰ ਵੰਡਣ ਦੀ ਸਾਜ਼ਿਸ਼ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਅਸਲ ’ਚ ਇਹ ਕਾਰਵਾਈ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਕੈਨੇਡਾ ਸਰਕਾਰ ਤੋਂ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ’ਚ ਵਿਦੇਸ਼ੀ ਏਜੰਸੀਆਂ ਦੀ ਭੂਮਿਕਾ ਦੀ ਜਾਂਚ ਮੰਗਣ ਮਗਰੋਂ ਭਾਰਤੀ ਏਜੰਸੀਆਂ ਦੀ ਬੁਖਲਾਹਟ ਦਾ ਨਤੀਜਾ ਹੈ। ਨਿੱਝਰ ਨੇ ਦੋਸ਼ ਲਾਏ ਕਿ ਹੱਤਿਆ ਦੀ ਜਾਂਚ ਦੀਆਂ ਸੂਈਆਂ ਏਜੰਸੀਆਂ ਵੱਲ ਉੱਠਣ ਤੋਂ ਰੋਕਣ ਲਈ ਹੀ ਉਸ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਉਹ ਹਿੰਸਾ-ਪੱਖੀ ਸੋਚ ਵਾਲਾ ਹੁੰਦਾ ਤਾਂ ਕੈਨੇਡਾ ਦੇ ਸਿੱਖ ਉਸ ਨੂੰ ਦੋ ਵਾਰ ਬਿਨਾਂ ਮੁਕਾਬਲਾ ਸਰੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਕਦੇ ਨਾ ਚੁਣਦੇ। ਉਸ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਆਜ਼ਾਦਾਨਾ ਸੋਚ ਰੱਖਣਾ ਗੁਨਾਹ ਹੈ ਤਾਂ ਬੇਸ਼ੱਕ ਉਸ ਦੇ ਸਿਰ 20 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਜਾਵੇ, ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਤਾਂ ਪਹਿਲਾਂ ਹੀ 15 ਸਾਲਾਂ ਤੋਂ ਇੰਡੀਆ ਨਹੀਂ ਗਿਆ ਤੇ ਹੁਣ ਉਸ ਦਾ ਨਾਂ ਕਾਲੀ ਸੂਚੀ ’ਚ ਪਾ ਦਿੱਤਾ ਹੋਇਆ ਹੈ। ਰੁਜ਼ਗਾਰ ਪੱਖੋਂ ਪਲੰਬਰ ਦਾ ਕੰਮ ਕਰਦੇ ਹਰਦੀਪ ਸਿੰਘ ਨਿੱਝਰ ਨੇ ਕਿਸੇ ਵੀ ਹਿੰਸਕ ਜਥੇਬੰਦੀ ਨਾਲ ਸਬੰਧ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸਿਰਫ਼ ਗੁਰਬਾਣੀ ’ਚ ਵਿਸ਼ਵਾਸ ਰੱਖਦਾ ਹੈ।