ਹਾਰਨ ਤੋਂ ਬਾਅਦ ਗੁੱਸੇ ‘ਚ ਆ ਕੇ ਰੈਕੇਟ ਤੋੜਨਾ ਆਸਟਰੇਲੀਆ ਦੇ ਚੋਟੀ ਦੇ ਟੈਨਿਸ ਖਿਡਾਰੀ ਨੂੰ ਮਹਿੰਗਾ ਪਿਆ ਕਿਉਂਕਿ ਉਸ ‘ਤੇ 14 ਹਜ਼ਾਰ ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ। ਟੈਨਿਸ ਖਿਡਾਰੀ ਨਿਕ ਕਿਰਗਿਓਸ ‘ਤੇ ਅਮਰੀਕਾ ਓਪਨ ਦੇ ਕੁਆਰਟਰ ਫਾਈਨਲ ‘ਚ ਕੈਰੇਨ ਖਾਚਾਨੋਵ ਤੋਂ ਹਾਰਨ ਤੋਂ ਬਾਅਦ ਰੈਕੇਟ ਤੋੜਨ ‘ਤੇ ਇਹ ਜੁਰਮਾਨਾ ਲੱਗਿਆ ਹੈ। ਖਾਚਾਨੋਵ ਨੇ ਕੁਆਰਟਰ ਫਾਈਨਲ ‘ਚ ਕਿਰਗਿਓਸ ਨੂੰ 7-5, 4-6, 7-5 6-7 (3) 6-4 ਨਾਲ ਹਰਾਇਆ ਸੀ। ਆਸਟਰੇਲੀਅਨ ਖਿਡਾਰੀ ਨੇ ਹਾਰ ਤੋਂ ਬਾਅਦ ਗੁੱਸੇ ‘ਚ ਦੋ ਰੈਕੇਟ ਆਰਥਰ ਐਸ਼ ਸਟੇਡੀਅਮ ‘ਚ ਤੋੜ ਦਿੱਤੇ ਸਨ। ਇਹ ਜੁਰਮਾਨਾ ਇਸ ਸਾਲ ਟੂਰਨਾਮੈਂਟ ‘ਚ ਲਗਾਇਆ ਗਿਆ ਸਭ ਤੋਂ ਵੱਡਾ ਜ਼ਜੁਰਮਾਨਾ ਹੈ ਅਤੇ ਨਿਊਯਾਰਕ ‘ਚ ਆਪਣੇ ਇਨ੍ਹਾਂ 5 ਅਪਰਾਧਾਂ ਲਈ ਕਿਰਗਿਓਸ ‘ਤੇ ਕੁੱਲ 32,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਕਿਰਗਿਓਸ ‘ਤੇ ਲਗਾਇਆ ਗਿਆ ਇਹ ਜੁਰਮਾਨਾ ਯੂ.ਐੱਸ. ਓਪਨ ‘ਚ ਉਸ ਵੱਲੋਂ ਕਮਾਏ 4,73,200 ਡਾਲਰ ‘ਚੋਂ ਕੱਟਿਆ ਜਾਵੇਗਾ। ਫਲਸ਼ਿੰਗ ਮੀਡੋਜ਼ ‘ਚ 16ਵੇਂ ਰਾਊਂਡ ‘ਚ ਦੁਨੀਆ ਦੇ ਨੰਬਰ ਇਕ ਖਿਡਾਰੀ ਡੇਨੀਅਲ ਮੇਦਵੇਦੇਵ ਨੂੰ ਹਰਾਉਣ ਵਾਲੇ ਕਿਰਗਿਓਸ ਨੇ ਕੁਆਰਟਰ ਫਾਈਨਲ ‘ਚ ਹਾਰ ਤੋਂ ਬਾਅਦ ਕਿਹਾ ਕਿ ਨਿਊਯਾਰਕ ‘ਚ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ।