ਇੰਡੀਆ ਦੀ ਤੇਜ਼ੀ ਨਾਲ ਉਭਰਦੀ ਵੇਟਲਿਫਟਰ ਹਰਸ਼ਦਾ ਗਰੁਡ਼ ਨੇ ਤਾਸ਼ਕੰਦ ’ਚ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਮਹਿਲਾਵਾਂ ਦਾ 45 ਕਿਲੋਗ੍ਰਾਮ ਵਰਗ ਦਾ ਸੋਨ ਤਗ਼ਮਾ ਜਿੱਤਿਆ। ਇਸ 18 ਸਾਲਾ ਵੇਟਲਿਫਟਰ ਨੇ ਕੁਲ 157 ਕਿਲੋਗ੍ਰਾਮ (69 ਕਿਲੋਗ੍ਰਾਮ ਤੇ 88 ਕਿਲੋਗ੍ਰਾਮ) ਵਜ਼ਨ ਚੁੱਕ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਉਸ ਨੇ ਮਈ ’ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਖ਼ਿਤਾਬ ਜਿੱਤਣ ਦੇ ਦੌਰਾਨ ਚੁੱਕੇ 153 ਕਿਲੋਗ੍ਰਾਮ (70 ਕਿਲੋਗ੍ਰਾਮ ਤੇ 83 ਕਿਲੋਗ੍ਰਾਮ) ਵਜ਼ਨ ਤੋਂ ਚਾਰ ਕਿਲੋ ਵਜ਼ਨ ਵੱਧ ਚੁੱਕਿਆ। ਇੰਡੀਆ ਦੀ ਸੌਮਯਾ ਦਲਵੀ ਨੇ 45 ਕਿਲੋਗ੍ਰਾਮ ਯੁਵਾ ਵਰਗ ’ਚ ਕਾਂਸੀ ਤਗ਼ਮਾ ਜਿੱਤਿਆ। ਯੁਵਾ ਵਿਸ਼ਵ ਚੈਂਪੀਅਨਸ਼ਿਪ ਦੀ ਇਸ ਕਾਂਸੀ ਤਗ਼ਮਾ ਜੇਤੂ ਨੇ 145 ਕਿਲੋਗ੍ਰਾਮ (63 ਕਿਲੋਗ੍ਰਾਮ ਤੇ 82 ਕਿਲੋਗ੍ਰਾਮ) ਭਾਰ ਚੁੱਕਿਆ। ਪੁਰਸ਼ਾਂ ਦੇ 49 ਕਿਲੋਗ੍ਰਾਮ ਵਰਗ ’ਚ ਐੱਲ ਧਨੁਸ਼ ਨੇ 85 ਕਿਲੋਗ੍ਰਾਮ ਵਜ਼ਨ ਚੁੱਕ ਕੇ ਸਨੈਚ ਵਰਗ ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਉਹ ਹਾਲਾਂਕਿ ਕੁਲ ਭਾਰ ਦੇ ਆਧਾਰ ’ਤੇ 185 ਕਿਲੋਗ੍ਰਾਮ (85 ਕਿਲੋਗ੍ਰਮ ਤੇ 100 ਕਿਲੋਗ੍ਰਾਮ) ਵਜ਼ਨ ਚੁੱਕ ਕੇ ਚੌਥੇ ਸਥਾਨ ’ਤੇ ਰਹੇ। ਮਹਾਦੀਪੀ ਤੇ ਵਿਸ਼ਵ ਚੈਂਪੀਅਨਸ਼ਿਪ ’ਚ ਸਨੈਚ, ਕਲੀਨ ਐਂਡ ਜਰਕ ਤੇ ਕੁਲ ਭਾਰਤ ਦੇ ਲਈ ਵੱਖ-ਵੱਖ ਤਮਗ਼ੇ ਦਿੱਤੇ ਜਾਂਦੇ ਹਨ ਪਰ ਓਲੰਪਿਕ ’ਚ ਸਿਰਫ਼ ਕੁਲ ਭਾਰ ਲਈ ਤਗ਼ਮਾ ਦਿੱਤਾ ਜਾਂਦਾ ਹੈ।