ਖ਼ਾਲਸਾ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜੀ ਸੰਗਤ ਨੂੰ ਸੰਬੋਧਨ ਅਤੇ ਕੌਮ ਦੇ ਨਾਂ ਸੰਦੇਸ਼ ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਸਾਹਿਬ ਸਾਡੀ ਪਰੰਪਰਾ ਦਾ ਹਿੱਸਾ ਹੈ ਪਰ ਜਿਨ੍ਹਾਂ ਨੂੰ ਇਸਦੀ ਅਹਿਮੀਅਤ ਨਹੀਂ ਪਤਾ ਉਹ ਸ੍ਰੀ ਸਾਹਿਬ ‘ਤੇ ਵੀ ਪਾਬੰਦੀਆਂ ਲਗਾਉਣ ਦੀ ਗੱਲ ਕਰ ਰਹੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦੇਸ਼ ਹੈ ਕਿ ਹਰ ਸਿੱਖ ਨੂੰ ਆਪਣੇ ਘਰ ‘ਚ ਕਿਰਪਾਨ ਜ਼ਰੂਰ ਰੱਖਣੀ ਚਾਹੀਦੀ ਹੈ ਅਤੇ ਅਸੀਂ ਗੁਰੂ ਸਾਹਿਬ ਦੇ ਇਸ ਸੰਦੇਸ਼ ਨੂੰ ਅਸੀਂ ਪਿੱਛੇ ਨਹੀਂ ਛੱਡ ਸਕਦੇ। ਗੁਰੂ ਸਾਹਿਬ ਨੇ ਜੇਕਰ ਸਾਨੂੰ ਕਕਾਰ ਵਜੋਂ ਤੇ ਜਬਰ-ਜ਼ੁਲਮ ਦਾ ਟਾਕਰਾ ਕਰਨ ਲਈ ਕਿਰਪਾਨ ਸੌਂਪੀ ਹੈ ਤਾਂ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ ਤੇ ਇਸ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਦੇ ਸੰਗਤ ਨੂੰ ਦਰਸ਼ਨ ਕਰਵਾਉਂਦੇ ਸਮੇਂ ਉਨ੍ਹਾਂ ਕਿਹਾ ਕਿ ਰਾਜ ਸ਼ਸ਼ਤਰਾਂ ਦੇ ਅਧੀਨ ਹੈ। ਅੱਜ ਜਿਸ ਮੁਲਕ ਕੋਲ ਸਭ ਤੋਂ ਵੱਧ ਸੈਨਿਕ ਸ਼ਕਤੀ ਹੈ ਤੇ ਵੱਡੀ ਗਿਣਤੀ ‘ਚ ਖ਼ਤਰਨਾਕ ਹਥਿਆਰ ਹਨ, ਉਸੇ ਮੁਲਕ ਦਾ ਦੁਨੀਆ ‘ਚ ਆਪਣਾ ਦਬਦਬਾ ਹੈ। ਇਸ ਲਈ ਗੁਰੂ ਸਾਹਿਬ ਨੇ ਤਾਂ ਇਸ ਸ਼ਸ਼ਤਰ ਨੂੰ 300 ਸਾਲ ਤੋਂ ਵੱਧ ਸਮੇਂ ਪਹਿਲਾਂ ਸਾਨੂੰ ਬਖ਼ਸ਼ਿਆ ਸੀ ਤੇ ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ।