ਇੰਡੀਆ ਨੰਬਰ ਵਨ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਹਿਸਾਰ ਪਹੁੰਚੇ। ਇਸ ਸਮੇਂ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਕਈ ਪੱਤਰਕਾਰਾਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਘੇਰ ਲਿਆ। ਆਮ ਆਦਮੀ ਪਾਰਟੀ ਦੀ ਨਜ਼ਰ ਹਰਿਆਣਾ ਦੀ ਅਗਾਮੀ ਵਿਧਾਨ ਸਭਾ ਚੋਣਾਂ ਉੱਪਰ ਹੈ। ਕੇਜਰੀਵਾਲ ਹਰਿਆਣੇ ‘ਚ ਚੋਣਾਂ ਜਿੱਤਣ ਲਈ ਪੂਰਾ ਯਤਨ ਕਰ ਰਹੇ ਹਨ। ਪਰ ਜਦੋਂ ਅੱਜ ਐੱਸ.ਵਾਈ.ਐੱਲ. ਮੁੱਦੇ ‘ਤੇ ਉਨ੍ਹਾਂ ਨੂੰ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਪਹਿਲਾਂ ਸਿੱਧਾ ਜਵਾਬ ਦੇਣ ਦੀ ਥਾਂ ਉਲਟਾ ਪੰਜਾਬ ਤੇ ਹਰਿਆਣਾ ਕਾਂਗਰਸ ਦੇ ਸਟੈਂਡ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਨਾਲ ਹੀ ਪੰਜਾਬ ਤੇ ਹਰਿਆਣਾ ਭਾਜਪਾ ਨੂੰ ਵੀ ਸਟੈਂਡ ਸਪੱਸ਼ਟ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ‘ਚ ਕੁਝ ਕਹਿੰਦੇ ਹਨ ਤੇ ਹਰਿਆਣਾ ‘ਚ ਕੁਝ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਹਰ ਰਾਜ ਨੂੰ ਬਣਦਾ ਹੱਕ ਮਿਲੇ। ਪਰ ਕੇਂਦਰ ਦੀ ਕੋਸ਼ਿਸ਼ ਹਮੇਸ਼ਾ ਸੂਬਿਆਂ ਨੂੰ ਲੜਾਉਣ ਦੀ ਰਹੀ ਹੈ ਤਾਂ ਜੋ ਵੋਟਾਂ ਹਾਸਲ ਕਰਕੇ ਸੱਤਾ ਹਥਿਆਈ ਜਾ ਸਕੇ। ਇਹੋ ਕੁਝ ਪਿਛਲੇ 75 ਸਾਲਾਂ ਤੋਂ ਹੁੰਦਾ ਆ ਰਿਹਾ ਹੈ ਤੇ ਮਸਲੇ ਹੱਲ ਨਹੀਂ ਕੀਤੇ ਜਾਂਦੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਐੱਸ.ਵਾਈ.ਐੱਲ. ਨਹਿਰ ਦੇ ਮਾਮਲੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਦੋਵਾਂ ਸੂਬਿਆਂ ‘ਚ ਪਾਣੀ ਦੀ ਘਾਟ ਹੈ ਜਿਸ ਲਈ ਕੇਂਦਰ ਸਰਕਾਰ ਨੂੰ ਦੋਵਾਂ ਸੂਬਿਆਂ ‘ਚ ਪਾਣੀ ਦਾ ਘਾਟ ਨੂੰ ਪੂਰਾ ਕਰਨਾ ਚਾਹੀਦਾ ਹੈ।