ਟੀ-20 ਵਰਲਡ ਕੱਪ ਦੇ ਗਰੁੱਪ ਬੀ ਦੇ ਦੂਜੇ ਮੈਚ ‘ਚ ਵੈਸਟ ਇੰਡੀਜ਼ ਨੇ ਜ਼ਿੰਬਾਬਵੇ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਅਲਜ਼ਾਰੀ ਜੋਸੇਫ (16/4) ਅਤੇ ਜੇਸਨ ਹੋਲਡਰ (12/3) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਵੈਸਟ ਇੰਡੀਜ਼ ਨੇ ਇਹ ਜਿੱਤ ਦਰਜ ਕੀਤੀ। ਦੋ ਵਾਰ ਦੇ ਟੀ-20 ਵਰਲਡ ਕੱਪ ਜੇਤੂ ਵੈਸਟ ਇੰਡੀਜ਼ ਨੇ ਗਰੁੱਪ ਬੀ ਦੇ ਆਪਣੇ ਦੂਜੇ ਮੈਚ ‘ਚ ਜ਼ਿੰਬਾਬਵੇ ਨੂੰ 154 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਜ਼ਿੰਬਾਬਵੇ ਦੀ ਟੀਮ 122 ਦੌੜਾਂ ‘ਤੇ ਆਊਟ ਹੋ ਗਈ। ਆਪਣੇ ਪਹਿਲੇ ਮੈਚ ‘ਚ ਸਕਾਟਲੈਂਡ ਹੱਥੋਂ ਹਾਰ ਦਾ ਸਵਾਦ ਚੱਖਣ ਵਾਲੀ ਵਿੰਡੀਜ਼ ਇਹ ਮੈਚ ਜਿੱਤ ਕੇ ਸੁਪਰ-12 ‘ਚ ਪਹੁੰਚਣ ਦੀ ਦੌੜ ‘ਚ ਵਾਪਸੀ ਕਰ ਗਈ ਹੈ। ਸਪਿਨ ਗੇਂਦਬਾਜ਼ਾਂ ਦੇ ਸਾਹਮਣੇ ਵੈਸਟ ਇੰਡੀਜ਼ ਦੇ ਮੱਧਕ੍ਰਮ ਦੀ ਅਸਫਲਤਾ ਇਕ ਵਾਰ ਫਿਰ ਟੀਮ ਦੀ ਹਾਰ ਦਾ ਕਾਰਨ ਬਣ ਸਕਦੀ ਹੈ। ਵਿੰਡੀਜ਼ ਨੇ 12 ਓਵਰਾਂ ‘ਚ 89/2 ਦੇ ਸਕੋਰ ਤੋਂ ਅੱਗੇ ਖੇਡਦੇ ਹੋਏ 12 ਦੌੜਾਂ ਦੇ ਵਕਫੇ ‘ਚ ਚਾਰ ਵਿਕਟਾਂ ਗੁਆਈਆਂ ਜਿਸ ਨਾਲ ਉਸ ਦਾ ਸਕੋਰ 14 ਓਵਰਾਂ ‘ਚ 101/6 ਹੋ ਗਿਆ। ਇਸ ਤੋਂ ਬਾਅਦ ਰੋਵਮੈਨ ਪਾਵੇਲ ਅਤੇ ਅਕੀਲ ਹੁਸੈਨ ਨੇ ਸੱਤਵੇਂ ਵਿਕਟ ਲਈ 49 ਦੌੜਾਂ ਦੀ ਸਾਂਝੇਦਾਰੀ ਕਰਕੇ ਵਿੰਡੀਜ਼ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਕੈਰੇਬੀਅਨ ਗੇਂਦਬਾਜ਼ਾਂ ਨੇ ਜ਼ਿੰਬਾਬਵੇ ਨੂੰ 18.2 ਓਵਰਾਂ ‘ਚ 122 ਦੌੜਾਂ ‘ਤੇ ਰੋਕ ਕੇ ਟੀਮ ਨੂੰ ਸੁਪਰ-12 ਦੀ ਦੌੜ ‘ਚ ਬਰਕਰਾਰ ਰੱਖਿਆ। ਜੋਸੇਫ ਨੇ ਆਪਣੇ ਚਾਰ ਓਵਰਾਂ ‘ਚ 16 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦਕਿ ਹੋਲਡਰ ਨੇ 3.2 ਓਵਰਾਂ ‘ਚ ਤਿੰਨ ਵਿਕਟਾਂ ਝਟਕਾਈਆਂ। ਹੁਸੈਨ, ਓਬੇਡ ਮੈਕਕੋਏ ਅਤੇ ਓਡਿਅਨ ਸਮਿਥ ਨੇ ਇਕ-ਇਕ ਵਿਕਟ ਲੈ ਕੇ ਜਿੱਤ ‘ਚ ਯੋਗਦਾਨ ਪਾਇਆ।