ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਭਰ ‘ਚ ਅੱਜ ‘ਆਪ’ ਸਰਕਾਰ ਦੇ ਇਕ ਸਾਲ ਪੂਰਾ ਹੋਣ ‘ਤੇ ਇਸ ਦੀਆਂ ‘ਨਾਕਾਮੀਆਂ’ ਖ਼ਿਲਾਫ਼ ਰੋਸ ਧਰਨੇ ਦਿੱਤੇ ਗਏ। ਇਕ ਵਿਸ਼ਾਲ ਧਰਨਾ ਲੰਬੀ ਵਿਖੇ ਵੀ ਦਿੱਤਾ ਗਿਆ ਜਿਸ ‘ਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ। ਕੋਟਕਪੂਰਾ ਗੋਲੀ ਮਾਮਲੇ ‘ਚ ਜ਼ਮਾਨਤ ਅਰਜ਼ੀ ਖਾਰਜ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਨਤਕ ਕਹਿਚਰੀ ‘ਚ ਆਪਣਾ ਪੱਖ ਰੱਖਿਆ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਟਕਰਾਅ ਅਤੇ ਕੋਟਕਪੂਰਾ ਮਾਮਲੇ ਬਾਰੇ ਵਿਸਥਾਰ ‘ਚ ਖੁਲਾਸੇ ਕਰਦਿਆਂ ਕਿਹਾ ਕਿ ਪੰਜਾਬ ਦੀ ਅਸਲ ਵਾਰਿਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੁਕਾਉਣ ਦੀ ਕੋਸ਼ਿਸ਼ ਤਹਿਤ ‘ਆਪ’ ਸਰਕਾਰ ਦੀ ਝੂਠ ਨਾਲ ਭਰੀ ਵੱਡੀ ਸਿਆਸੀ ਸਾਜਿਸ਼ ਹੈ। ਇਸ ‘ਪੰਜਾਬ ਬਚਾਓ’ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਬੇਅਦਬੀਆਂ ਮਾਮਲੇ ਦੀਆਂ ਪਰਤਾਂ ਖੋਲ੍ਹਦੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਬੇਅਦਬੀ ਮਾਮਲੇ ‘ਚ ਚਾਲਾਨ ਪੇਸ਼ ਕੇ ਜਿਹੜੇ ਦੋਸ਼ੀਆਂ ਦੇ ਨਾਂਅ ਦੱਸੇ ਹਨ ਉਨ੍ਹਾਂ ‘ਚ ਅਕਾਲੀ ਦਲ ਦੇ ਇਕ ਛੋਟੇ ਜਿਹੇ ਵਰਕਰ ਦਾ ਨਾਂਅ ਤੱਕ ਨਹੀਂ ਹੈ। ਅਜੇ ਵੀ ਬੇਅਦਬੀ ਦੇ ਦੋਸ਼ ਬਾਦਲ ਪਰਿਵਾਰ ‘ਤੇ ਲਗਾਏ ਜਾ ਰਹੇ ਹਨ। ਉਨ੍ਹਾਂ ਕੋਟਕਪੂਰਾ ਗੋਲੀ ਕਾਂਡ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ 307 ਅਤੇ ਸਾਜਿਸ਼ ਦੋਸ਼ਾਂ ਤਹਿਤ ਮੁਕੱਦਮੇ ਦੀਆਂ ਪਰਤਾਂ ਖੋਲ੍ਹਦੇ ਕਿਹਾ ਕਿ ਤਤਕਾਲੀ ਐਸ.ਡੀ.ਐਮ. ਨੇ ਅਦਾਲਤ ‘ਚ ਲਿਖ ਕੇ ਦਿੱਤਾ ਕਿ ਮੌਕੇ ‘ਤੇ ਹਾਲਾਤ ਵਿਗੜਨ ਕਰਕੇ ਉਸਨੇ ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਅਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਉਹ ਐਸ.ਡੀ.ਐਮ. ਦਬਾਆਂ ਦੇ ਬਾਵਜੂਦ ਅੱਜ ਵੀ ਆਪਣੇ ਬਿਆਨ ‘ਤੇ ਕਾਇਮ ਹੈ। ਫ਼ਿਰ ਵੀ ਇੰਨੀ ਵੱਡੀ ਉਮਰ ‘ਚ ਪ੍ਰਕਾਸ਼ ਸਿੰਘ ਬਾਦਲ ਜਿਹੇ ਨਿਮਰਤਾ ਵਾਲੇ ਇਨਸਾਨ ਨੂੰ ਝੂਠੇ ਮੁਕੱਦਮੇ ‘ਚ ਫਸਾ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਭਗਵੰਤ ਸਰਕਾਰ ਬਾਦਲ ਸਾਬ੍ਹ ‘ਤੇ 302 ਦਾ ਮੁਕੱਦਮਾ ਵੀ ਪਾਉਣਾ ਚਾਹੁੰਦੀ ਹੈ। ਸੁਖਬੀਰ ਮੁਤਾਬਕ ਉਹ ਖੁਦ ਉਦੋਂ ਪੰਜਾਬ ‘ਚ ਨਹੀਂ ਸਨ ਤਾਂ ਉਨ੍ਹਾਂ ਦਾ ਨਾਂਅ ਸਾਜਿਸ਼ਕਰਤਾ ਵਜੋਂ ਪਾ ਦਿੱਤਾ ਗਿਆ। ਅਕਾਲੀ ਦਲ ਪ੍ਰਧਾਨ ਨੇ ਸਖ਼ਤ ਲਹਿਜੇ ‘ਚ ਕਿਹਾ ਕਿ ਭਗਵੰਤ ਮਾਨ ਲੜਾਈਆਂ ਮਰਦਾਂ ਦੀਆਂ ਹੁੰਦੀਆਂ ਹਨ। ਉਨ੍ਹਾਂ ‘ਤੇ ਭਾਵੇਂ ਪੰਜ ਮੁਕੱਦਮੇ ਹੋਰ ਦਰਜ ਕਰ ਦਿਓ, ਕੋਈ ਪਰਵਾਹ ਨਹੀਂ, ਪਰ ਪ੍ਰਕਾਸ਼ ਸਿੰਘ ਬਾਦਲ ‘ਤੇ ਝੂਠੇ ਮੁਕੱਦਮੇ ਦਾ ਦੁੱਖ ਹੈ, ਇਸ ਨੂੰ ਉਹ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ‘ਤੇ ਝੂਠੇ ਮੁਕੱਦਮੇ ਪੁਆਏ ਸਨ ਜਿਸ ‘ਚੋਂ ਬਾਦਲ ਪਰਿਵਾਰ ਬਾਇੱਜ਼ਤ ਬਰੀ ਹੋਇਆ ਸੀ। ਉਨ੍ਹਾਂ ਭਗਵੰਤ ਮਾਨ ਸਰਕਾਰ ‘ਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਲਗਾਉਂਦੇ ਕਿਹਾ ਕਿ ਹਾਈ ਕੋਰਟ ਨੇ ਆਦੇਸ਼ ਦਿੱਤਾ ਸੀ ਕਿ ‘ਸਿਟ’ ਦਾ ਕੋਈ ਅਫ਼ਸਰ ਸਰਕਾਰ ਤੋਂ ਆਦੇਸ਼ ਨਹੀਂ ਲਵੇਗਾ। ਮੁੱਖ ਮੰਤਰੀ ਭਗਵੰਤ ਮਾਨ ਆਖ ਰਿਹਾ ਕਿ ਅਸੀਂ ਬਾਦਲਾਂ ਨੂੰ ਅੰਦਰ ਕਰਵਾਵਾਂਗੇ। ਉਸ ਨੂੰ ਕੀ ਪਤਾ ‘ਸਿਟ’ ਕੀ ਕਰ ਰਹੀ ਹੈ। ਇਸੇ ਤਰ੍ਹਾਂ ਸਪੀਕਰ ਕਹਿ ਰਿਹਾ ਕਿ 28 ਤਰੀਕ ਤੱਕ ਚਾਲਾਨ ਦੇਵਾਂਗੇ। ਉਹਨੂੰ ਵੀ ਕਿਵੇਂ ਪਤਾ ਲੱਗਿਆ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਸਾਰੀ ਸਾਜਿਸ਼ ਖੁਦ ਕਰਵਾ ਰਹੀ ਹੈ। ਉਨ੍ਹਾਂ ਇਕ ਹੋਰ ਵੱਡੀ ਗੱਲ ਆਖੀ ਕਿ ਦਿੱਲੀ ਤੋਂ ਚੱਲਦੀ ‘ਆਪੋ’ ਸਰਕਾਰ ਦੀ ਕਠਪੁਤਲੀ ਸਰਕਾਰ ਦਾ ਅਸਲ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ। ਓਹੋ ਤੈਅ ਕਰਦਾ ਹੈ ਕਿ ਕੀਹਨੇ ਪੰਜਾਬ ‘ਚ ਜਿਉਣਾ ਤੇ ਕੀਹਨੇ ਮਰਨਾ ਹੈ। ਕੀਹਨੇ ਉਸਨੂੰ ਕਿੰਨਾ ਟੈਕਸ ਦੇਣਾ ਅਤੇ ਕੀਹਨੇ ਨਹੀਂ ਦੇਣਾ। ਪੁਲੀਸ ਅਫ਼ਸਰ ਵੀ ਪੀੜਤ ਲੋਕਾਂ ਨੂੰ ਦੋ-ਚਾਰ ਲੱਖ ਰੁਪਏ ਦੇ ਕੇ ਖਹਿੜਾ ਛੁਡਵਾਉਣ ਦੀ ਗੱਲ ਆਖਦੇ ਹਨ। ਜੇਲ੍ਹ ‘ਚੋਂ ਲਾਰੈਂਸ ਟੀ.ਵੀ. ਇੰਟਰਵਿਊ ਸਰਕਾਰ ਦੀ ਨਾਕਾਮੀ ਨੂੰ ਜ਼ਾਹਿਰ ਕਰਦੀ ਹਨ।