ਜ਼ੀਰਾ ਸ਼ਰਾਬ ਫ਼ੈਕਟਰੀ ਤੋਂ ਮਹਿਜ਼ 500 ਮੀਟਰ ਦੂਰ ਇਕ ਘਰ ‘ਚ ਨੌਜਵਾਨ ਰਾਜਬੀਰ ਸਿੰਘ ਗਿੱਲ (37) ਦੀ ਮੌਤ ਹੋ ਗਈ ਹੈ। ਰਾਜਬੀਰ ਦੇ ਕੁਝ ਸਮਾਂ ਪਹਿਲਾਂ ਦੋਵੇਂ ਗੁਰਦੇ ਖ਼ਰਾਬ ਹੋ ਗਏ ਸਨ ਤੇ ਹਰ ਹਫ਼ਤੇ ਉਸ ਦਾ ਡਾਇਲੇਸਿਸ ਹੁੰਦਾ ਸੀ। ਪਰਿਵਾਰ ਦੇ ਮੈਂਬਰ ਅਤੇ ਪਿੰਡ ਵਾਸੀ ਇਸ ਮੌਤ ਲਈ ਸ਼ਰਾਬ ਫ਼ੈਕਟਰੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਕ ਹਫ਼ਤਾ ਪਹਿਲਾਂ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਰਾਜਬੀਰ ਨੇ ਖ਼ੁਦ ਆਪਣੀ ਖ਼ਰਾਬ ਸਿਹਤ ਲਈ ਇਸ ਸ਼ਰਾਬ ਫ਼ੈਕਟਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਸਾਂਝੇ ਮੋਰਚੇ ਦੇ ਆਗੂਆਂ ਨੇ ਰਾਜਬੀਰ ਸਿੰਘ ਦੀ ਲਾਸ਼ ਧਰਨੇ ‘ਚ ਲਿਆ ਕੇ ਰੱਖ ਦਿੱਤੀ ਤੇ ਉਸ ਨੂੰ ਸ਼ਰਧਾਂਜਲੀ ਦੇਣ ਉਪਰੰਤ ਪਰਿਵਾਰ ਵੱਲੋਂ ਉਸ ਦਾ ਸਸਕਾਰ ਕੀਤਾ ਗਿਆ। ਰਾਜਬੀਰ ਸਿੰਘ ਦੇ ਪਰਿਵਾਰ ਵਿੱਚ ਉਸ ਦੇ ਬਜ਼ੁਰਗ ਮਾਪਿਆਂ ਤੋਂ ਇਲਾਵਾ ਪਤਨੀ, ਛੇ ਸਾਲ ਦਾ ਪੁੱਤਰ ਅਤੇ ਚਾਰ ਮਹੀਨਿਆਂ ਦੀ ਬੇਟੀ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜ਼ੀਰਾ ਸ਼ਰਾਬ ਫੈਕਟਰੀ ਖ਼ਿਲਾਫ਼ ਬੇਸ਼ੱਕ ਸੂਬੇ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਆਰ-ਪਾਰ ਦੀ ਲੜਾਈ ਵਿੱਢੀ ਜਾ ਚੁੱਕੀ ਹੈ ਪਰ ਜਥੇਬੰਦੀਆਂ ਦਾ ਇਹ ਸੰਘਰਸ਼ ਜ਼ੀਰਾ ਫੈਕਟਰੀ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਰਾਜ ਦੀਆਂ ਉਨ੍ਹਾਂ ਸਾਰੀਆਂ ਫੈਕਟਰੀਆਂ ਅਤੇ ਕਾਰਖਾਨਿਆਂ ਖ਼ਿਲਾਫ਼ ਵਿੱਢਿਆ ਜਾਵੇਗਾ ਜਿਨ੍ਹਾਂ ਵੱਲੋਂ ਪੰਜਾਬ ‘ਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੜੀ ਜਾਵੇਗੀ ਅਤੇ ਪੰਜਾਬ ਦੇ ਸਾਰੇ ਵਰਗਾਂ ਨੂੰ ਆਪਣੀ ਅਗਲੀ ਪੀੜ੍ਹੀ ਬਚਾਉਣ ਲਈ ਇਸ ਸੰਘਰਸ਼ ‘ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਵੇਗੀ। ਓਧਰ ਜ਼ੀਰਾ ਸ਼ਰਾਬ ਫ਼ੈਕਟਰੀ ਦੇ ਪ੍ਰਬੰਧਕਾਂ ਨੇ ਪੰਜ ਮਹੀਨਿਆਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਸਾਂਝੇ ਮੋਰਚੇ ਦੇ ਆਗੂਆਂ ਨੂੰ ਖੁੱਲ੍ਹੀ ਬਹਿਸ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਫ਼ੈਕਟਰੀ ਦੇ ਮੈਨੇਜਿੰਗ ਡਾਇਰੈਕਟਰ ਪਵਨ ਬਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਫੈਕਟਰੀ ਦੇ ਮਾਲਕ ਦੀਪ ਮਲਹੋਤਰਾ ਅਤੇ ਬਾਕੀ ਪ੍ਰਬੰਧਕ ਆਪਣੇ ਪਰਿਵਾਰਾਂ ਸਮੇਤ ਉਹ ਪਾਣੀ ਪੀਣ ਵਾਸਤੇ ਤਿਆਰ ਹਨ, ਜਿਹੜਾ ਪਾਣੀ ਪਿੰਡ ਵਾਸੀ ਪੀ ਰਹੇ ਹਨ। ਉਨ੍ਹਾਂ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਫ਼ੈਕਟਰੀ ਦਾ ਗੰਦਾ ਪਾਣੀ ਜ਼ਮੀਨ ਹੇਠਾਂ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ ਤੇ ਇਹ ਵੀ ਆਖਿਆ ਕਿ ਕੁਝ ਲੋਕ ਫ਼ੈਕਟਰੀ ਖ਼ਿਲਾਫ਼ ਝੂਠਾ ਪ੍ਰਚਾਰ ਕਰ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਪਵਨ ਬਾਂਸਲ ਨੇ ਦੱਸਿਆ ਕਿ 15 ਸਾਲ ਤੋਂ ਚੱਲ ਰਹੀ ਇਸ ਫੈਕਟਰੀ ਨੂੰ ਹਰ ਛੇ ਮਹੀਨੇ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਆ ਕੇ ਚੈੱਕ ਕਰਦੀ ਹੈ ਅਤੇ ਫ਼ੈਕਟਰੀ ਅੰਦਰੋਂ ਹੁਣ ਤੱਕ ਦੇ ਲਏ ਗਏ ਸਾਰੇ ਸੈਂਪਲ ਪਾਸ ਹੋਏ ਹਨ।