ਬੇਅਦਬੀ ਮਾਮਲੇ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਨਸਾਫ਼ ਨਾ ਦੇਣ ਅਤੇ ਵਾਰ-ਵਾਰ ਕੀਤੇ ਵਾਅਦਿਆਂ ਦੇ ਬਾਵਜੂਦ ਕਾਰਵਾਈ ਅੱਗੇ ਨਾ ਵਧਾਉਣ ਦੇ ਰੋਸ ਤੇ ਵਿਰੋਧ ‘ਚ 14 ਅਕਤੂਬਰ ਨੂੰ ਵੱਡਾ ਇਕੱਠ ਸੱਦ ਲਿਆ ਗਿਆ ਹੈ। ਵੱਖ-ਵੱਖ ਪੰਥਕ ਧਿਰਾਂ ਸਮੇਤ ਵੱਡੀ ਗਿਣਤੀ ਲੋਕਾਂ ਦੇ ਇਸ ‘ਚ ਸ਼ਮੂਲੀਅਤ ਦੀ ਉਮੀਦ ਹੈ। ਇਸ ਸਮੇਂ ਕੋਈ ਵੱਡਾ ਐਲਾਨ ਕੀਤੇ ਜਾਣ ਦੇ ਆਸਾਰ ਹਨ ਜਿਸ ਨਾਲ ‘ਆਪ’ ਸਰਕਾਰ ਲਈ ਸਿਰਦਰਦੀ ਪੈਦਾ ਹੋ ਸਕਦੀ ਹੈ। ਇਸੇ ਤੋਂ ਡਰੀ ਭਗਵੰਤ ਮਾਨ ਸਰਕਾਰ ਨੇ ਉਕਤ ਮਾਮਲਿਆਂ ‘ਚ ਹਿਲਜੁਲ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਕ ਪਾਸੇ ਜਿੱਥੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਜੋ ਇਨ੍ਹਾਂ ਘਟਨਾਵਾਂ ਸਮੇਂ ਵੀ ਇਸ ਅਹੁਦੇ ‘ਤੇ ਸਨ, ਪ੍ਰਕਾਸ਼ ਸਿੰਘ ਬਾਦਲ ਪਾਸੋਂ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਤਿੰਨ ਘੰਟੇ ਪੁੱਛਗਿੱਛ ਕੀਤੀ ਗਈ। ਦੂਜੇ ਪਾਸੇ ਇਸ ਤੋਂ ਪਹਿਲਾਂ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਪਵਤਾਲ ਲਈ ਕੋਟਕਪੂਰਾ ਪਹੁੰਚੀ। ਸਾਲ 2015 ਦੀ ਕੋਟਕਪੂਰਾ ਪੁਲੀਸ ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਬਾਦਲ ਤੋਂ ਉਨ੍ਹਾਂ ਦੀ ਚੰਡੀਗੜ੍ਹ ਦੇ ਸੈਕਟਰ 9 ਸਥਿਤ ਰਿਹਾਇਸ਼ ‘ਤੇ ਸਵੇਰੇ 11 ਵਜੇ ਤੋਂ ਪੁੱਛ ਪੜਤਾਲ ਸ਼ੁਰੂ ਕੀਤੀ ਜੋ 2 ਵਜੇ ਤੱਕ ਚੱਲੀ। ਐੱਸ.ਆਈ.ਟੀ. ਦੀ ਅਗਵਾਈ ਵਧੀਕ ਪੁਲੀਸ ਡਾਇਰੈਕਟਰ ਜਨਰਲ ਐੱਲ.ਕੇ. ਯਾਦਵ ਕਰ ਰਹੇ ਹਨ। 2015 ‘ਚ ਜਦੋਂ ਪੁਲੀਸ ਗੋਲੀਬਾਰੀ ਹੋਈ ਸੀ ਤਾਂ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ। 14 ਸਤੰਬਰ ਨੂੰ ‘ਸਿਟ’ ਨੇ ਇਸ ਮਾਮਲੇ ਦੇ ਸਬੰਧ ‘ਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਤੋਂ ਪੁੱਛ ਪੜਤਾਲ ਕੀਤੀ ਸੀ। ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਮੁੱਖ ਚੌਕ ‘ਚ ਪਹੁੰਚੀ ਜਿਥੇ 14 ਅਕਤੂਬਰ 2015 ਨੂੰ ਧਰਨਾਕਾਰੀ ਸੰਗਤ ‘ਤੇ ਪੰਜਾਬ ਪੁਲੀਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਮਗਰੋਂ ਨੇੜਲੇ ਪਿੰਡ ਬਹਿਬਲ ਕਲਾਂ ‘ਚ ਵੀ ਇੱਕ ਪੁਲੀਸ ਅਧਿਕਾਰੀ ਨੇ ਸਿੱਖ ਕਾਰਕੁਨਾਂ ‘ਤੇ ਗੋਲੀਆਂ ਚਲਾਈਆਂ ਸਨ, ਜਿਸ ‘ਚ ਵੱਡੀ ਗਿਣਤੀ ਲੋਕ ਫੱਟੜ ਹੋਏ ਸਨ ਤੇ ਦੋ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਸਰਾਵਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਦੌਰਾਨ ਪੁਲੀਸ ਨੇ ਮੀਡੀਆ ਨੂੰ ਟੀਮ ਦੇ ਨਜ਼ਦੀਕ ਨਹੀਂ ਆਉਣ ਦਿੱਤਾ। ਇਸ ਦੌਰਾਨ ਜਦੋਂ ਮੀਡੀਆ ਵੱਲੋਂ ਪੁਲੀਸ ਅਧਿਕਾਰੀ ਤੋਂ ਅੱਜ ਦੀ ਜਾਂਚ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਸਵਾਲ ਕੀਤੇ ਗਏ ਤਾਂ ਉਨ੍ਹਾਂ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤਰ ਸੁਖਰਾਜ ਸਿੰਘ ਨਿਆਮੀ ਪਿਛਲੇ ਗਿਆਰਾਂ ਮਹੀਨਿਆਂ ਤੋਂ ਬਹਿਬਲ ਇਨਸਾਫ ਮੋਰਚੇ ਤਹਿਤ ਧਰਨੇ ‘ਤੇ ਬੈਠਾ ਹੋਇਆ ਹੈ। ਮੋਰਚੇ ਵੱਲੋਂ 14 ਅਕਤੂਬਰ ਨੂੰ ਸੂਬਾ ਪੱਧਰੀ ਇਕੱਠ ਕਰਕੇ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕਰਨ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ।