ਪੰਜਾਬੀਆਂ ਦੇ ਗੜ੍ਹ ਸਾਊਥਾਲ (ਇੰਗਲੈਂਡ) ਵਿੱਚ 24 ਨਵੰਬਰ 2021 ਦੀ ਰਾਤ 16 ਸਾਲਾ ਅਫਗਾਨ ਸਿੱਖ ਸ਼ਰਨਾਰਥੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਸਬੰਧ ‘ਚ ਦੋਸ਼ੀ ਦੋ ਮੁੰਡਿਆਂ ਨੂੰ ਬ੍ਰਿਟੇਨ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਲੰਡਨ ਦੀ ਓਲਡ ਬੇਲੀ ਕੋਰਟ ‘ਚ ਵਨੁਸ਼ਾਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਰਿਸ਼ਮੀਤ ਸਿੰਘ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ ਟਿੱਪਣੀ ਕੀਤੀ ਕਿ ਇਹ ਕਤਲ ਬਹੁਤ ਹੀ ਦੁਖਦਾਈ ਹੈ ਅਤੇ ਦੋਸ਼ੀਆਂ ਨੇ ਇਸ ਕਤਲ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਹੈ। ਜੱਜ ਸਾਰਾਹ ਮੁਨਰੋ ਨੇ ਇਸ ਮਾਮਲੇ ਨੂੰ ਦੁਖਦਾਈ ਦੱਸਿਆ ਅਤੇ ਦੋਸ਼ੀਆਂ ਦੀ ਪੈਰੋਲ ‘ਤੇ ਵਿਚਾਰ ਕਰਨ ਤੋਂ ਪਹਿਲਾਂ ਬਾਲਕ੍ਰਿਸ਼ਨਨ ਨੂੰ ਘੱਟੋ-ਘੱਟ 24 ਸਾਲ ਅਤੇ ਸੁਲੇਮਾਨ ਨੂੰ ਘੱਟੋ-ਘੱਟ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਕਤਲ ਕਾਂਡ ਦੀ ਜਾਂਚ ਕਰ ਰਹੇ ਮੈਟਰੋਪੋਲੀਟਨ ਪੁਲੀਸ ਦੇ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੇ ਡਿਟੈਕਟਿਵ ਇੰਸਪੈਕਟਰ ਲਾਰਾ ਸੇਮਪਲ ਨੇ ਦੱਸਿਆ ਕਿ ਰਿਸ਼ਮੀਤ 16 ਸਾਲ ਦਾ ਨੌਜਵਾਨ ਸੀ। ਉਸ ਦੇ ਅੱਗੇ ਉਸ ਦੀ ਸਾਰੀ ਜ਼ਿੰਦਗੀ ਸੀ। ਉਹ ਆਪਣੇ ਘਰ ਤੋਂ ਥੋੜ੍ਹੀ ਦੂਰ ਜਾ ਰਿਹਾ ਸੀ ਜਦੋਂ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਚਾਕੂ ਮਾਰ ਕੇ ਮਾਰ ਦਿੱਤਾ। ਪੁਲੀਸ ਨੇ ਦੱਸਿਆ ਕਿ ਦੋਹਾਂ ਮੁੰਡਿਆਂ ਨੇ ਸਿੰਘ ‘ਤੇ ਚਾਕੂ ਨਾਲ 15 ਵਾਰ ਹਮਲਾ ਕੀਤਾ। ਹਮਲੇ ਦੇ ਸਮੇਂ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ 17 ਸਾਲ ਦੇ ਸਨ। ਦੋਵਾਂ ਨੂੰ ਦਸੰਬਰ 2021 ‘ਚ ਕਤਲ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।