ਜਿਨਸੀ ਸ਼ੋਸ਼ਣ, ਹਥਿਆਰ ਨਾਲ ਹਮਲਾ ਕਰਨ ਅਤੇ ਕਾਨੂੰਨੀ ਅਧਿਕਾਰ ਤੋਂ ਬਿਨਾਂ ਇਕ ਵਿਅਕਤੀ ਨੂੰ ਕੈਦ ਕਰਨ ਸਮੇਤ 17 ਦੋਸ਼ਾਂ ‘ਚ ਲੋੜੀਂਦੇ ਅਮਰਦੀਪ ਸਿੰਘ ਰਾਏ ਨੂੰ ਸਰੀ ਆਰ.ਸੀ.ਐੱਮ.ਪੀ. ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਫਰੰਟਲਾਈਨ ਅਫਸਰਾਂ ਦੁਆਰਾ ਉਸਦੇ ਬਕਾਇਆ ਵਾਰੰਟਾਂ ‘ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 28 ਅਪ੍ਰੈਲ 2021 ਨੂੰ ਰਾਏ ਨੂੰ ਸਰੀ ਆਰ.ਸੀ.ਐੱਮ.ਪੀ. ਸਟ੍ਰਾਈਕ ਫੋਰਸ ਟਾਰਗੇਟ ਟੀਮ (ਐੱਸ.ਐੱਫ.ਟੀ.ਟੀ.) ਦੁਆਰਾ ਅਗਸਤ 2019 ਦੀ ਜਾਂਚ ਨਾਲ ਸਬੰਧਤ ਇਕ ਬਕਾਇਆ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅਦਾਲਤਾਂ ਨੇ 7 ਮਈ 2021 ਨੂੰ ਸ਼ਰਤਾਂ ਸਮੇਤ ਰਿਹਾਅ ਕਰ ਦਿੱਤਾ ਸੀ। ਇਹ ਦੋਸ਼ ਲਗਾਇਆ ਗਿਆ ਸੀ ਕਿ ਰਾਏ ਅਗਲੀ ਅਦਾਲਤ ਦੀ ਤਾਰੀਖ਼ ਲਈ ਪੇਸ਼ ਹੋਣ ‘ਚ ਅਸਫਲ ਰਿਹਾ ਅਤੇ ਇਸ ਲਈ ਉਸਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਸੀ। 20 ਜਨਵਰੀ 2022 ਨੂੰਸਰੀ ਆਰ.ਸੀ.ਐੱਮ.ਪੀ. ਨੇ ਰਾਏ ਦਾ ਪਤਾ ਲਗਾਉਣ ਲਈ ਜਨਤਾ ਦੀ ਸਹਾਇਤਾ ਮੰਗੀ ਸੀ। ਅਕਤੂਬਰ 2022 ‘ਚ ਰਾਏ ਨੂੰ ਬੋਲੋ ਪ੍ਰੋਗਰਾਮ ਦੁਆਰਾ ਪੂਰੇ ਕੈਨੇਡਾ ‘ਚ ਲੋੜੀਂਦੇ ਚੋਟੀ ਦੇ 25 ਵਿਅਕਤੀਆਂ ‘ਚ ਸ਼ਾਮਲ ਕੀਤਾ ਗਿਆ ਸੀ। 8 ਜਨਵਰੀ 2023 ਨੂੰ ਸਰੀ ਆਰ.ਸੀ.ਐੱਮ.ਪੀ. ਫਰੰਟਲਾਈਨ ਅਫਸਰ ਬਕਾਇਆ ਵਾਰੰਟਾਂ ਵਾਲੇ ਵਿਅਕਤੀਆਂ ਨੂੰ ਲੱਭਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਸਨ। ਜਾਂਚ ਦੌਰਾਨ ਅਧਿਕਾਰੀ ਇਹ ਪੁਸ਼ਟੀ ਕਰਨ ਦੇ ਯੋਗ ਸਨ ਕਿ ਰਾਏ 64 ਐਵੇਨਿਊ ਦੇ 17400-ਬਲਾਕ ‘ਚ ਇਕ ਰਿਹਾਇਸ਼ ਦੇ ਅੰਦਰ ਸੀ। ਇਸ ਮਗਰੋਂ ਰਿਹਾਇਸ਼ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਰਿਹਾਇਸ਼ ‘ਚ ਦਾਖਲ ਹੋਣ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਫੀਨੀ ਵਾਰੰਟ (ਇਕ ਕਿਸਮ ਦਾ ਗ੍ਰਿਫ਼ਤਾਰੀ ਵਾਰੰਟ ਹੈ, ਜੋ ਪੁਲੀਸ ਨੂੰ ਕਿਸੇ ਦੀ ਜਾਇਦਾਦ ਅਤੇ ਘਰ ਜਾਂ ਕਾਰੋਬਾਰ ‘ਚ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਸ਼ਕਤੀ ਦਿੰਦਾ ਹੈ, ਜਿਸਦਾ ਨਾਮ ਵਾਰੰਟ ‘ਚ ਹੈ) ਦੀ ਮੰਗ ਕੀਤੀ ਗਈ ਸੀ। ਲੋਅਰ ਮੇਨਲੈਂਡ ਏਕੀਕ੍ਰਿਤ ਐਮਰਜੈਂਸੀ ਰਿਸਪਾਂਸ ਟੀਮ ਨੇ ਵਾਰੰਟ ਨੂੰ ਲਾਗੂ ਕਰਨ ‘ਚ ਸਹਾਇਤਾ ਕੀਤੀ ਅਤੇ ਰਾਏ ਨੂੰ ਬਿਨਾਂ ਕਿਸੇ ਘਟਨਾ ਦੇ ਪੁਲੀਸ ਹਿਰਾਸਤ ‘ਚ ਲੈ ਲਿਆ ਗਿਆ। ਉਸਨੂੰ ਸਰੀ ਆਰ.ਸੀ.ਐੱਮ.ਪੀ. ਸੈੱਲਾਂ ‘ਚ ਲਿਜਾਇਆ ਗਿਆ ਅਤੇ ਅਦਾਲਤ ‘ਚ ਉਸਦੀ ਅਗਲੀ ਪੇਸ਼ੀ ਦੀ ਉਡੀਕ ਕੀਤੀ ਜਾ ਰਹੀ ਹੈ।