ਮੈਮਫਿਸ (ਅਮਰੀਕਾ) ‘ਚ ਇਕ ਸਿਰਫਿਰੇ ਨੌਜਵਾਨ ਨੇ ਕਈ ਥਾਵਾਂ ‘ਤੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ੀ ਨੌਜਵਾਨ ਨੇ ਫੇਸਬੁੱਕ ‘ਤੇ ਗੋਲੀਬਾਰੀ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ। ਪੁਲੀਸ ਨੇ ਮੁਲਜ਼ਮ ਦੀ ਪਛਾਣ 19 ਸਾਲਾ ਇਜ਼ਕੀਲ ਕੈਲੀ ਵਜੋਂ ਕੀਤੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਲੀਬਾਰੀ ਕਾਰਨ ਇਲਾਕੇ ਦੇ ਲੋਕ ਦਹਿਸ਼ਤ ‘ਚ ਹਨ। ਸ਼ੂਟਰ ਇਕ ਆਟੋਪਾਰਟਸ ਦੀ ਦੁਕਾਨ ‘ਚ ਦਾਖਲ ਹੋਇਆ ਅਤੇ ਉਸ ਨੇ ਕਈ ਗਾਹਕਾਂ ਨੂੰ ਗੋਲੀ ਮਾਰ ਦਿੱਤੀ। ਦੁਕਾਨ ‘ਚ ਦਾਖਲ ਹੋਣ ਤੋਂ ਪਹਿਲਾਂ ਉਸ ਨੇ ਲਾਈਵ ਸਟ੍ਰੀਮ ‘ਚ ਕਿਹਾ ਸੀ ਕਿ ਇਹ ਕੋਈ ਮਜ਼ਾਕ ਨਹੀਂ ਹੈ। ਪੁਲੀਸ ਨੇ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਹਮਲੇ ‘ਚ ਕੋਈ ਵੀ ਮਾਰਿਆ ਜਾਂ ਜ਼ਖਮੀ ਨਹੀਂ ਹੋਇਆ ਹੈ। ਹਾਲਾਂਕਿ ਏਬੀਸੀ 24 ਟੈਲੀਵਿਜ਼ਨ ਨੇ ਦੋ ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਮੈਮਫਿਸ ਪੁਲੀਸ ਨੇ ਲੋਕਾਂ ਨੂੰ ਘਰ ‘ਚ ਰਹਿਣ ਦੀ ਸਲਾਹ ਦਿੱਤੀ ਸੀ। ਦਰਅਸਲ ਨੌਜਵਾਨ ਕਈ ਦਿਨਾਂ ਤੋਂ ਫੇਸਬੁੱਕ ‘ਤੇ ਗੋਲੀਬਾਰੀ ਦੀਆਂ ਵੀਡੀਓਜ਼ ਪੋਸਟ ਕਰ ਰਿਹਾ ਸੀ। ਪੁਲੀਸ ਨੇ ਕਿਹਾ ਸੀ ਕਿ ਵੀਡੀਓ ‘ਚ ਨੌਜਵਾਨ ਇਕ ਦੁਕਾਨ ‘ਚ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਏਜੰਸੀ ਨੇ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ। ਪੁਲੀਸ ਨੇ ਹਮਲਾਵਰ ਦੀ ਤਸਵੀਰ ਵੀ ਜਾਰੀ ਕੀਤੀ ਸੀ। ਪੁਲੀਸ ਨੇ ਲੋਕਾਂ ਨੂੰ ਦੋਸ਼ੀ ਨੂੰ ਦੇਖਦੇ ਹੀ ਤੁਰੰਤ ਸੂਚਨਾ ਦੇਣ ਲਈ ਕਿਹਾ ਸੀ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮੁਲਜ਼ਮ ਨੇ ਹਮਲਾ ਕਿਉਂ ਕੀਤਾ। ਪੁਲੀਸ ਵਿਭਾਗ ਦੇ ਬੁਲਾਰੇ ਮੇਜਰ ਕੈਰਨ ਰੂਡੋਲਫ ਨੇ ਕਿਹਾ, ‘ਸਾਨੂੰ ਅਜੇ ਤੱਕ ਉਸ ਦੇ ਇਰਾਦੇ ਦਾ ਪਤਾ ਨਹੀਂ ਹੈ। ਅਸੀਂ ਸਿਰਫ ਇਹ ਜਾਣਦੇ ਹਾਂ ਕਿ ਉਹ ਗੋਲੀਬਾਰੀ ਲਈ ਜ਼ਿੰਮੇਵਾਰ ਹੈ।’ ਕਿੰਨੇ ਲੋਕ ਜ਼ਖਮੀ ਹੋਏ ਹਨ, ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।