ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ 26 ਜਨਵਰੀ ਗਣਤੰਤਰ ਦਿਵਸ ‘ਤੇ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚੋਂ ਰਿਹਾਅ ਨਹੀਂ ਹੋਏ। ਉਨ੍ਹਾਂ ਦੇ ਹਮਾਇਤੀ ਵੱਡੀ ਗਿਣਤੀ ‘ਚ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਕਈ ਰਸਤੇ ‘ਚੋਂ ਮੁੜੇ। ਥਾਂ-ਥਾਂ ਸਵਾਗਤੀ ਬੋਰਡ ਵੀ ਲਾ ਦਿੱਤੇ ਗਏ ਸਨ ਅਤੇ ਬੀਤੀ ਰਾਤ ਬਕਾਇਦਾ ਨਵਜੋਤ ਸਿੱਧੂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਰੂਟ ਪਲਾਨ ਵੀ ਜਾਰੀ ਕੀਤਾ ਗਿਆ ਸੀ। ਪਰ ਅੱਜ ਗਣਤੰਤਰ ਦਿਵਸ ਮੌਕੇ ਇਹ ਤਿਆਰੀਆਂ ਉਵੇਂ ਹੀ ਰਹਿ ਗਈਆਂ। ਇਸ ‘ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਖ਼ੁਦ ਇਕ ਟਵੀਟ ਰਾਹੀਂ ਇਸ ਦਾ ਖੁਲਾਸਾ ਕਰਨ ਦੇ ਨਾਲ ਸਰਕਾਰ ‘ਤੇ ਹਮਲਾ ਵੀ ਬੋਲਿਆ। ਉਨ੍ਹਾਂ ਲਿਖਿਆ ਹੈ ਕਿ ਨਵਜੋਤ ਸਿੱਧੂ ‘ਖ਼ਤਰਨਾਕ ਜਾਨਵਰ’ ਦੀ ਕੈਟਾਗਰੀ ‘ਚ ਆਉਂਦੇ ਹਨ। ਇਸ ਲਈ ਸਰਕਾਰ ਉਨ੍ਹਾਂ ਨੂੰ 75ਵੇਂ ਆਜ਼ਾਦੀ ਦਿਹਾੜੇ ਦੀ ਰਾਹਤ ਨਹੀਂ ਦੇਣਾ ਚਾਹੁੰਦੀ। ਸਾਰਿਆਂ ਨੂੰ ਬੇਨਤੀ ਹੈ ਕਿ ਉਨ੍ਹਾਂ ਤੋਂ ਦੂਰ ਰਹੋ। ਓਧਰ ਸਿੱਧੂ ਸਮਰਥਕਾਂ ਵੱਲੋਂ ਸੜਕਾਂ ‘ਤੇ ਲਾਏ ਗਏ ਬੋਰਡ ਵੀ ਹਟਾ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਚੰਗੇ ਵਿਹਾਰ ਵਾਲੇ ਕੈਦੀਆਂ ਨੂੰ ਗਣਤੰਤਰ ਦਿਵਸ ‘ਤੇ ਪੰਜਾਬ ਸਰਕਾਰ ਵੱਲੋਂ ਰਿਹਾਅ ਕਰਨ ਵਾਲੀ ਫਾਈਲ ਬੁੱਧਵਾਰ ਨੂੰ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਨਹੀਂ ਭੇਜੀ ਗਈ। ਇਸ ਨਾਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗਣਤੰਤਰ ਦਿਵਸ ‘ਤੇ ਸਮੇਂ ਤੋਂ ਪਹਿਲਾਂ ਰਿਹਾਈ ਬਾਰੇ ਲਗਾਈ ਜਾ ਰਹੀ ਕਿਆਸ ਅਰਾਈ ਖ਼ਤਮ ਹੋ ਗਈ। ਹਾਲਾਂਕਿ ਸਿੱਧੂ ਕੈਂਪ ਦੇ ਨੇਤਾਵਾਂ ਨੂੰ ਪੂਰਾ ਭਰੋਸਾ ਸੀ ਕਿ ਸਿੱਧੂ ਵੀਰਵਾਰ ਨੂੰ ਰਿਹਾਅ ਹੋ ਜਾਣਗੇ। ਇਸ ਦੌਰਾਨ ਬੁੱਧਵਾਰ ਨੂੰ ਸਿੱਧੂ ਦਾ ਨਿੱਜੀ ਤੌਰ ‘ਤੇ ਪਟਿਆਲਾ ਜੇਲ੍ਹ ‘ਚ ਰਖਵਾਇਆ ਸਾਮਾਨ ਵੀ ਵਾਪਸ ਲਿਜਾਇਆ ਗਿਆ। ਇਸ ‘ਚ ਸਿੱਧੂ ਦੀਆਂ ਕਸਰਤ ਕਰਨ ਵਾਲੀਆਂ ਮਸ਼ੀਨਾਂ ਤੇ ਕੁਝ ਹੋਰ ਸਾਮਾਨ ਸ਼ਾਮਲ ਸੀ। ਜੇਲ੍ਹ ‘ਚ ਰੱਖੀ ਉਨ੍ਹਾਂ ਦੀ ਆਧੁਨਿਕ ਟ੍ਰੇਡ ਮਿੱਲ ਕਮ ਸਾਈਕਲਿੰਗ ਮਸ਼ੀਨ ਵੀ ਬੁੱਧਵਾਰ ਨੂੰ ਵਾਪਸ ਉਨ੍ਹਾਂ ਦੇ ਘਰ ਲਿਜਾਈ ਗਈ ਪਰ ਦੇਰ ਸ਼ਾਮ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਮੋਹਰ ਨਾ ਲੱਗਣ ਕਾਰਨ ਕੈਦੀਆਂ ਦੀ ਰਿਹਾਈ ਦੀ ਫਾਈਲ ਰਾਜਪਾਲ ਨੂੰ ਨਹੀਂ ਭੇਜੀ ਜਾ ਸਕੀ।