ਪਟਿਆਲਾ ਦੀ ਸੈਂਟਰਲ ਜੇਲ੍ਹ ‘ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗਣਤੰਤਰ ਦਿਵਸ 26 ਜਨਵਰੀ ਨੂੰ ਰਿਹਾਅ ਹੋਣ ਜਾ ਰਹੇ ਹਨ। ਸੂਤਰਾਂ ਮੁਤਾਬਕ ਨਵਜੋਤ ਸਿੱਧੂ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਣ ਲਈ ਸ੍ਰੀਨਗਰ ਪਹੁੰਚਣਗੇ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ‘ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਨਵਜੋਤ ਸਿੱਧੂ ਦੀ ਰਿਹਾਈ ਦੇ ਪ੍ਰੋਗਰਾਮ ‘ਚ ਜੇਕਰ ਕੋਈ ਫੇਰਬਦਲ ਨਾ ਹੋਇਆ ਤਾਂ ਉਹ ਇਕ ਸਾਲ ਬਾਅਦ ਕਾਂਗਰਸ ਦੇ ਕਿਸੇ ਵੱਡੇ ਪ੍ਰੋਗਰਾਮ ‘ਚ ਸ਼ਾਮਲ ਹੋਣਗੇ। ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਕ੍ਰਿਕਟ ਸਟੇਡੀਅਮ ‘ਚ ਰੈਲੀ ਦੇ ਨਾਲ ਹੀ ਭਾਰਤ ਜੋੜੋ ਯਾਤਰਾ ਦੀ ਸਮਾਪਤੀ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਪਹਿਲਾਂ ਦਿੱਲੀ ਜਾਣਗੇ ਤੇ ਫਿਰ ਉਥੋਂ ਪ੍ਰਿਅੰਕਾ ਨਾਲ ਸ੍ਰੀਨਗਰ ਰਵਾਨਾ ਹੋਣਗੇ। ਜੇ ਇਸ ਪ੍ਰੋਗਰਾਮ ‘ਚ ਕੁਝ ਬਦਲਾਅ ਹੋਇਆ ਤਾਂ ਉਹ ਅੰਮ੍ਰਿਤਸਰ ਤੋਂ ਵੀ ਸ੍ਰੀਨਗਰ ਰਵਾਨਾ ਹੋ ਸਕਦੇ ਹਨ। ਉਨ੍ਹਾਂ ਦੀ ਰਿਹਾਈ ਦੀ ਤਾਰੀਕ ਨੇੜੇ ਆਉਣ ਅਤੇ ਕਾਂਗਰਸ ਹਾਈ ਕਮਾਨ ਵੱਲੋਂ ਉਨ੍ਹਾਂ ਨੂੰ ਦਿੱਤੀ ਜਾ ਰਹੀ ਅਹਿਮੀਅਤ ਕਾਰਨ ਪੰਜਾਬ ਕਾਂਗਰਸ ‘ਚ ਵੀ ਇਕ ਵਾਰ ਹਲਚਲ ਤੇਜ਼ ਹੋ ਗਈ ਹੈ। ਜ਼ਿਕਰਯੋਗ ਹੈ ਕਿ ਡਾ. ਨਵਜੋਤ ਕੌਰ ਸਿੱਧੂ ਪੰਜਾਬ ‘ਚ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਚੱਲਦੇ-ਚੱਲਦੇ ਕਾਫੀ ਦੇਰ ਤੱਕ ਰਾਹੁਲ ਗਾਂਧੀ ਨਾਲ ਚਰਚਾ ਕੀਤੀ ਸੀ। ਇਸ ਤੋਂ ਬਾਅਦ ਰਾਹੁਲ ਨੇ ਮੀਡੀਆ ਦੇ ਸਵਾਲ ‘ਤੇ ਕਿਹਾ ਸੀ ਕਿ ਨਵਜੋਤ ਸਿੱਧੂ ਨੂੰ ਪੰਜਾਬ ‘ਚ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਜਾਵੇਗੀ। ਨਵਜੋਤ ਸਿੱਧੂ ਦੇ ਕਸ਼ਮੀਰ ਦੇ ਕਈ ਸੀਨੀਅਰ ਆਗੂਆਂ ਨਾਲ ਚੰਗੇ ਸਬੰਧ ਹਨ। ਅਬਦੁੱਲਾ ਤੇ ਮੁਫਤੀ ਪਰਿਵਾਰ ਨਾਲ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇ ਹਨ। ਸਿੱਧੂ ਯਾਤਰਾ ਦੇ ਬਹਾਨੇ ਚੰਗੀ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ ਕਾਂਗਰਸ ਵੀ ਸਿੱਧੂ ਦੀ ਲੋਕਪ੍ਰਿਅਤਾ ਨੂੰ ਕੈਸ਼ ਕਰਨ ਦੀ ਕੋਸ਼ਿਸ ‘ਚ ਹੈ। ਨਵਜੋਤ ਸਿੱਧੂ ਦੀ ਸ੍ਰੀਨਗਰ ਯਾਤਰਾ ਲਈ ਉਨ੍ਹਾਂ ਦੀ ਟੀਮ ਵੀ ਸਰਗਰਮ ਹੋ ਗਈ ਹੈ। ਨਵਜੋਤ ਸਿੱਧੂ ਦੀ ਰਿਹਾਈ ‘ਤੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਤੇ ਪ੍ਰਦੇਸ਼ ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਪਟਿਆਲਾ ਪਹੁੰਚਣਗੇ। ਉਨ੍ਹਾਂ ਦੇ ਜ਼ੋਰਦਾਰ ਸਵਾਗਤ ਦੀ ਤਿਆਰੀ ਕੀਤੀ ਗਈ ਹੈ। ਹਾਈ ਕਮਾਨ ਤੋਂ ਇਸ ਬਾਰੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਸਿੱਧੂ ਪੰਜਾਬ ‘ਚ ਵੱਡੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ।