ਪੰਜਾਬੀ ਮੂਲ ਦੇ ਤਿੰਨ ਨੌਜਵਾਨਾਂ ਸਮੇਤ 5 ਵਿਅਕਤੀਆਂ ਨੂੰ ਪੀਲ ਪੁਲੀਸ ਨੇ 25 ਮਿਲੀਅਨ ਡਾਲਰ ਦੀ ਡਰੱਗ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਿਹੜੇ ਤਿੰਨ ਪੰਜਾਬੀ ਨੌਜਵਾਨ ਕਾਬੂ ਕੀਤੇ ਗਏ ਹਨ ਉਹ ਬਰੈਂਪਟਨ, ਮਿਸੀਸਾਗਾ ਤੇ ਕੈਲੇਡਨ ਦੇ ਰਹਿਣ ਵਾਲੇ ਹਨ। ਪੀਲ ਰੀਜਨਲ ਪੁਲਿਸ ਨੇ ਪ੍ਰਾਜੈਕਟ ਜ਼ੁਕਾਰਿਤਾਸ ਤਹਿਤ 25 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਕੀਤੇ ਗਏ ਹਨ। ਇਹ ਮੁਲਜ਼ਮ ਕਥਿਤ ਤੌਰ ‘ਤੇ ਸਰਹੱਦ ਪਾਰੋਂ ਨਸ਼ਿਆਂ ਲਿਆਉਣ ਲਈ ਵਪਾਰਕ ਟਰੱਕਾਂ ਦੀ ਵਰਤੋਂ ਕਰਦੇ ਸਨ। ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲੇ ਮੁਲਜ਼ਮਾਂ ‘ਚ 28 ਸਾਲਾ ਜਸਪ੍ਰੀਤ ਸਿੰਘ ਬਰੈਂਪਟਨ, 27 ਸਾਲਾ ਰਵਿੰਦਰ ਸਿੰਘ ਬੋਪਾਰਾਏ ਮਿਸੀਸਾਗਾ ਤੇ 38 ਸਾਲਾ ਗੁਰਦੀਪ ਸਿੰਘ ਗਾਖਲ ਵਾਸੀ ਕੈਲੇਡਨ ਤੋਂ ਇਲਾਵਾ 46 ਸਾਲਾ ਖਲੀਲੁੱਲਾ ਅਮੀਨ ਅਤੇ ਰਿਚਮੰਡ ਹਿਲ ਦਾ 27 ਸਾਲਾ ਰੇਅ ਇਪ ਸ਼ਾਮਲ ਹਨ। ਇਸ ਬਰਾਮਦਗੀ ‘ਚ ਦੋ ਬਿਜ਼ਨਸ ਅਦਾਰਿਆਂ ਦੀ ਸ਼ਮੂਲੀਅਤ ਵੀ ਦੱਸੀ ਗਈ ਹੈ ਜਿਨ੍ਹਾਂ ‘ਚ ਮਿਲਟਨ ਨਾਲ ਸਬੰਧਤ ਨਾਰਥ ਕਿੰਗ ਲੌਜੀਸਿਟਕ ਅਤੇ ਮਿਸੀਸਾਗਾ ਨਾਲ ਸਬੰਧਤ ਫਰੈਂਡਜ਼ ਫਰਨੀਚਰ ਦੇ ਨਾਮ ਸਾਹਮਣੇ ਆਏ ਹਨ। ਪੁਲੀਸ ਵੱਲੋਂ 11 ਮਹੀਨੇ ਚਲਾਏ ਗਏ ਆਪ੍ਰੇਸ਼ਨ ‘ਚ 182 ਕਿਲੋ ਮੈਥਾਮਫੇਟਾਮਾਈਨ, 166 ਕਿਲੋ ਕੋਕੀਨ ਅਤੇ 38 ਕਿਲੋ ਕੇਟਾਮਾਈਨ ਦੀ ਬਰਾਮਦਗੀ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਹੁਣ ਤੱਕ ਦੀ ਵੱਖ-ਵੱਖ ਏਜੰਸੀਆਂ ਵੱਲੋਂ ਮਿਲ ਕੇ ਕੀਤੀ ਗਈ ਸਭ ਤੋਂ ਵੱਡੀ ਖੇਪ ਬਰਾਮਦਗੀ ਹੈ। ਇਸ ਮਾਮਲੇ ‘ਚ ਵੱਖ-ਵੱਖ ਸੁਰੱਖਿਆ ਏਜੰਸੀਆ ਦੇ ਨਾਲ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਏਜੰਸੀ ਵੀ ਸ਼ਾਮਲ ਸੀ, ਇਹ ਪ੍ਰਾਜੈਕਟ ਨਵੰਬਰ 2021 ‘ਚ ਸ਼ੁਰੂ ਕੀਤਾ ਗਿਆ ਸੀ। ਡਿਪਟੀ ਚੀਫ਼ ਨਿਕ ਮਿਲਿਨੋਵਿਚ ਨੇ ਮਿਸੀਸਾਗਾ ‘ਚ ਪੀਲ ਪੁਲੀਸ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਤੁਸੀਂ ਇਥੇ ਜੋ ਕੁਝ ਦੇਖਦੇ ਹੋ, ਉਹ ਸੰਗਠਿਤ ਅਪਰਾਧ ਅਤੇ ਸੰਗਠਿਤ ਅਪਰਾਧ ਦੀ ਕਿਸਮ ਨੂੰ ਮਿਟਾਉਣ ਪ੍ਰਤੀ ਸਾਡੀ ਸਮੂਹਿਕ ਵਚਨਬੱਧਤਾ ਦਾ ਵਧੇਰੇ ਸਬੂਤ ਹੈ।’ ਉਨ੍ਹਾਂ ਅੱਗੇ ਕਿਹਾ, ‘ਇਹ ਸਾਡੀ ਸੇਵਾ, ਸਾਡੇ ਭਾਈਚਾਰੇ ਲਈ ਇਕ ਤਰਜੀਹ ਹੈ ਅਤੇ ਅਸੀਂ ਉਨ੍ਹਾਂ ਅਪਰਾਧੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੋ ਸਾਡੇ ਭਾਈਚਾਰੇ ਦੇ ਲੋਕਾਂ ਦਾ ਸ਼ਿਕਾਰ ਕਰਕੇ ਮੁਨਾਫ਼ਾ ਕਮਾਉਂਦੇ ਹਨ ਅਤੇ ਉਨ੍ਹਾਂ ਮੁਨਾਫ਼ਿਆਂ ਦੀ ਵਰਤੋਂ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਵਿੱਤ ਦੇਣ ਲਈ ਕਰਦੇ ਹਨ।’ ਪੁਲੀਸ ਅਧਿਕਾਰੀਆਂ ਅਨੁਸਾਰ ਡਰੱਗ ਇਹ ਧੰਦਾ ਜੀ.ਟੀ.ਏ. ਟੋਰਾਂਟੋ ਖੇਤਰ ਤੋਂ ਲੈ ਕੇ ਅਮਰੀਕਾ ‘ਚ ਫੈਲਿਆ ਹੋਇਆ ਸੀ। ਸਾਰਜੈਂਟ ਅਰਲੀ ਸਕਾਟ ਨੇ ਕਿਹਾ, ‘ਆਪਣੀ ਗਿਆਰਾਂ ਮਹੀਨੇ ਦੀ ਜਾਂਚ ਦੌਰਾਨ ਪੁਲੀਸ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ।’ ਉਨ੍ਹਾਂ ਕਿਹਾ, ‘ਮਿਲਟਨ ‘ਚ 50 ਸਟੀਲਜ਼ ਐਵੇਨਿਊ ‘ਤੇ ਸਥਿਤ ਨਾਰਥ ਕਿੰਗ ਲੌਜਿਸਟਿਕਸ ਵਜੋਂ ਪਛਾਣੇ ਗਏ ਕਾਰੋਬਾਰ ਦੀ ਪਛਾਣ ਇਕ ਵਪਾਰਕ ਟਰੱਕਿੰਗ ਕਾਰੋਬਾਰ ਵਜੋਂ ਕੀਤੀ ਗਈ ਹੈ ਜੋ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਅਤੇ ਵੰਡਣ ਲਈ ਵਰਤਿਆ ਜਾਂਦਾ ਹੈ। ਇਕ ਦੂਜਾ ਕਾਰੋਬਾਰ ਮਿਸੀਸਾਗਾ ‘ਚ 2835 ਅਰਜਨਟੀਆ ਰੋਡ ‘ਤੇ ਸਥਿਤ ਫਰੈਂਡ ਫਰਨੀਚਰ ਨੂੰ ਵੀ ਜਾਂਚ ਦੁਆਰਾ ਇਕ ਟੲਾਂਸਫਰ ਹੱਬ ਵਜੋਂ ਪਛਾਣਿਆ ਗਿਆ ਹੈ।’ ਸਕਾਟ ਨੇ ਕਿਹਾ ਕਿ ਇਹ ਦਵਾਈਆਂ ਵਪਾਰਕ ਟਰੱਕਾਂ ਦੀ ਵਰਤੋਂ ਕਰਕੇ ਅਮਰੀਕਾ-ਕੈਨੇਡਾ ਸਰਹੱਦ ਤੋਂ ਦਰਾਮਦ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਪਾਰਕ ਟਰੈਕਟਰ ਟਰਾਲੀਆਂ ਦੇ ਪਿਛਲੇ ਹਿੱਸੇ ‘ਚ ਗੈਰਕਾਨੂੰਨੀ ਨਸ਼ੀਲੇ ਪਦਾਰਥ ਮੌਜੂਦ ਸਨ ਅਤੇ ਜਾਇਜ਼ ਮਾਲ ਦੇ ਅੰਦਰ ਛੁਪਾਏ ਹੋਏ ਸਨ। ਸਕਾਟ ਨੇ ਕਿਹਾ ਕਿ ਲਗਭਗ 70,000 ਡਾਲਰ ਵੀ ਜ਼ਬਤ ਕੀਤੇ ਗਏ ਹਨ।