ਅਮਰੀਕਾ ‘ਚ ਇਕ ਔਰਤ ਨੇ ਆਸਮਾਨ ‘ਚ 36 ਹਜ਼ਾਰ ਫੁੱਟ ਦੀ ਉੱਚਾਈ ‘ਤੇ ਉੱਡ ਰਹੇ ਜਹਾਜ਼ ‘ਚ ਬੱਚੇ ਨੂੰ ਜਨਮ ਦਿੱਤਾ। ਇਹ ਘਟਨਾ ਕਾਫੀ ਹੈਰਾਨ ਕਰਨ ਵਾਲੀ ਹੈ ਪਰ ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡਾਕਟਰਾਂ ਨੇ ਇਸ ਔਰਤ ਨੂੰ ਹਵਾਈ ਸਫਰ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। 21 ਸਾਲ ਦੀ ਕੈਂਡਰੀਆ ਰੋਡੇਨ ਹਾਰਟਫੋਰਡ, ਕਨੈਕਟੀਕਟ ਦੀ ਰਹਿਣ ਵਾਲੀ ਹੈ। ਉਸ ਦੀ ਡਿਲਿਵਰੀ 23 ਅਕਤੂਬਰ ਨੂੰ ਹੋਣੀ ਸੀ। ਉਹ 32 ਹਫ਼ਤਿਆਂ ਦੀ ਗਰਭਵਤੀ ਸੀ, ਇਸ ਦੇ ਬਾਵਜੂਦ ਡਾਕਟਰਾਂ ਨੇ ਉਸ ਨੂੰ ਯਾਤਰਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਸਤੰਬਰ ‘ਚ ਕੈਂਡਰੀਆ ਨੇ ਆਪਣੇ ਪਰਿਵਾਰ ਨਾਲ ਡੋਮਿਨਿਕਨ ਰੀਪਬਲਿਕ ਜਾਣ ਦਾ ਫ਼ੈਸਲਾ ਕੀਤਾ ਅਤੇ ਉਹ ਇਥੇ ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ। ਪਰ ਹੋਇਆ ਕੁਝ ਹੋਰ ਅਤੇ ਉਸ ਨੂੰ ਫਲਾਈਟ ‘ਚ 36,000 ਫੁੱਟ ਦੀ ਉਚਾਈ ‘ਤੇ ਬੱਚੇ ਨੂੰ ਜਨਮ ਦੇਣਾ ਪਿਆ। ਕੈਂਡਰੀਆ ਨੇ ਨਿਊਯਾਰਕ ਸਿਟੀ ਤੋਂ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਲਈ ਸੀ। ਉਹ ਖੁਦ ਵੀ ਹੈਲਥ ਕੇਅਰ ਵਰਕਰ ਹੈ। ਜਿਵੇਂ ਹੀ ਉਹ ਸੀਟ ‘ਤੇ ਬੈਠੀ ਅਤੇ ਜਹਾਜ਼ ਨੇ ਉਡਾਣ ਭਰੀ, ਉਸ ਨੂੰ ਜਣੇਪਾ ਦਰਦ ਹੋਣ ਲੱਗਾ। 34 ਮਿੰਟ ਤੱਕ ਉਹ ਦਰਦ ‘ਚ ਰਹੀ ਅਤੇ ਉਸ ਨੇ ਮਹਿਸੂਸ ਕੀਤਾ ਕਿ ਇਹ ਲੇਬਰ ਦਰਦ ਹੈ। ਕੈਂਡਰੀਆ ਮੁਤਾਬਕ ਕੈਬਿਨ ਕਰੂ ਅਜਿਹੇ ਔਖੇ ਸਮੇਂ ‘ਚ ਉਸ ਕੋਲ ਭਗਵਾਨ ਬਣ ਕੇ ਆਇਆ ਸੀ। ਕੈਂਡਰੀਆ ਦੇ ਅੱਗੇ ਉਸਦੀ 26 ਸਾਲ ਦੀ ਭੈਣ ਕੇਂਡਲੀ ਬੈਠੀ ਸੀ। ਉਸਦੀ ਭੈਣ ਨੇ ਉਸਨੂੰ ਪੁੱਛਿਆ ਕੀ ਇਹ ਸੱਚਮੁੱਚ ਜਣੇਪੇ ਦਾ ਦਰਦ ਸੀ। ਕੈਂਡਰੀਆ ਖੁਦ ਇਸ ਬਾਰੇ ਯਕੀਨੀ ਤੌਰ ‘ਤੇ ਕੁਝ ਕਹਿ ਨਹੀਂ ਪਾ ਰਹੀ ਸੀ। ਪਰ ਜਿਵੇਂ ਹੀ ਉਹ ਖੜ੍ਹੀ ਹੋਈ ਉਸ ਨੂੰ ਪਤਾ ਲੱਗ ਗਿਆ ਕਿ ਸਾਰਾ ਮਾਮਲਾ ਕੀ ਸੀ। ਉਸ ਦੀ ਭੈਣ ਇਹ ਸਭ ਦੇਖ ਕੇ ਕਾਫੀ ਹੈਰਾਨ ਹੋਈ। ਉਸ ਨੇ ਇਸ ਬਾਰੇ ਆਪਣੇ ਪੂਰੇ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਪੈਨਿਕ ਬਟਨ ਚਾਲੂ ਕਰ ਦਿੱਤਾ। ਚਾਰ ਲੋਕ ਤੁਰੰਤ ਕੈਂਡਰੀਆ ਦੀ ਮਦਦ ਲਈ ਆਏ। ਕੈਂਡਰੀਆ ਨੂੰ ਜਹਾਜ਼ ਦੇ ਪਿਛਲੇ ਪਾਸੇ ਲਿਜਾਇਆ ਗਿਆ ਅਤੇ 20 ਮਿੰਟ ਬਾਅਦ ਉਸ ਦੇ ਪੁੱਤਰ ਦਾ ਜਨਮ ਹੋਇਆ। ਜਹਾਜ਼ ‘ਚ ਕੈਂਡਰੀਆ ਦੁਆਰਾ ਇਕ ਬਹੁਤ ਹੀ ਪਿਆਰਾ ਐਲਾਨ ਕੀਤਾ ਗਿਆ ਸੀ। ਉਸ ਨੇ ਯਾਤਰੀਆਂ ਨੂੰ ਦੱਸਿਆ ਕਿ ਹੁਣ ਜਹਾਜ਼ ‘ਚ ਇਕ ਨਵਾਂ ਯਾਤਰੀ ਮੌਜੂਦ ਹੈ ਜਿਸ ਦਾ ਨਾਂ ‘ਸਕਾਈਲੇਨ’ ਹੈ। ਸਕਾਈਲੇਨ ਕੈਵਨ-ਏਅਰ ਫਰਾਂਸਿਸ, ਜਦੋਂ ਇਹ ਛੋਟਾ ਯਾਤਰੀ ਜਹਾਜ਼ ਤੋਂ ਉਤਰਿਆ ਤਾਂ ਹਰ ਕੋਈ ਤਾੜੀਆਂ ਮਾਰ ਰਿਹਾ ਸੀ। ਕੈਂਡਰੀਆ ਨੂੰ ਵਧਾਈਆਂ ਮਿਲ ਰਹੀਆਂ ਸਨ ਅਤੇ ਉਹ ਬਹੁਤ ਖੁਸ਼ ਸੀ। ਸਕਾਈਲੇਨ ਨੂੰ ਚਾਰ ਦਿਨਾਂ ਤੱਕ ਐਨ.ਆਈ.ਸੀ.ਯੂ. ‘ਚ ਰੱਖਣਾ ਪਿਆ ਕਿਉਂਕਿ ਉਹ ਪ੍ਰੀ-ਮੈਚਿਓਰ ਬੇਬੀ ਹੈ। ਹੁਣ ਸਕਾਈਲੇਨ ਦੀ ਕੌਮੀਅਤ ਨਿਰਧਾਰਤ ਕੀਤੀ ਜਾਣੀ ਹੈ ਅਤੇ ਉਸਨੂੰ ਦੁਬਾਰਾ ਘਰ ਵਾਪਸ ਲੈ ਜਾਇਆ ਜਾਵੇਗਾ। ਕੈਂਡਰੀਆ ਦਾ ਪਰਿਵਾਰ ਅਮਰੀਕਨ ਦੂਤਘਰ ਗਿਆ ਜਿੱਥੇ ਸਕਾਈਲੇਨ ਦੀ ਕੌਮੀਅਤ ਦਾ ਪਤਾ ਲਗਾਇਆ ਜਾਣਾ ਸੀ। ਇਸ ਦੇ ਨਾਲ ਹੀ ਉਸ ਦਾ ਐਮਰਜੈਂਸੀ ਪਾਸਪੋਰਟ ਬਣਨ ਲਈ ਦਿੱਤਾ ਗਿਆ ਹੈ। ਇਸ ‘ਚ ਜਨਮ ਸਥਾਨ ਦੇ ਤੌਰ ‘ਤੇ ‘ਹਵਾ ਵਿੱਚ’ ਲਿਖਿਆ ਹੋਇਆ ਹੈ।